
ਚੰਡੀਗੜ, (ਦਾ ਸਟੈਲਰ ਨਿਊਜ਼)। ਪੰਜਾਬ ਤੋਂ ਸੀਨੀਅਰ ਕਾਂਗਰਸੀ ਆਗੂਆਂ ਅਤੇ ਮੰਤਰੀਆਂ ਵੱਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੁਆਰਾ 84 ਦੇ ਦੰਗਿਆਂ ਬਾਰੇ ਲੰਡਨ ਵਿੱਚ ਦਿੱਤੇ ਗਏ ਬਿਆਨ ਦਾ ਅੱਜ ਬਚਾਅ ਕੀਤਾ ਗਿਆ। ਉਹਨਾਂ ਦੋਸ਼ ਲਾਏ ਕਿ ਬਰਗਾੜੀ ਬੇਅਦਬੀ ਮਾਮਲੇ ਅਤੇ ਇਸ ਤੋਂ ਬਾਅਦ ਕੋਟਕਪੂਰਾ ਵਿਖੇ ਰੋਸ਼ ਪ੍ਰਦਰਸ਼ਨ ਕਰ ਰਹੇ ਸਿੱਖਾਂ ਦੇ ਕਤਲੇਆਮ ਵਿੱਚ ਇੰਨਾਂ ਦੀ ਭੂਮਿਕਾ ਜੱਗ ਜਾਹਿਰ ਹੋਣ ਕਾਰਨ ਅਕਾਲੀਆਂ ਵੱਲੋਂ ਜਾਣਬੁੱਝ ਕੇ ਰਾਹੁਲ ਗਾਂਧੀ ਦੇ ਬਿਆਨ ਨੂੰ ਤੋੜ-ਮੋੜ ਕੇ ਪੇਸ਼ ਕੀਤਾ ਗਿਆ ਹੈ ਤਾਂ ਜੋ ਲੋਕਾਂ ਦਾ ਧਿਆਨ ਭਟਕਾ ਸਕਣ। ਅੱਜ ਇਥੇ ਜਾਰੀ ਇੱਕ ਸਾਂਝੇ ਬਿਆਨ ਵਿੱਚ ਇੰਨਾਂ ਆਗੂਆਂ ਨੇ ਕਿਹਾ ਕਿ ਬਾਦਲ ਪਰਿਵਾਰ ਜਿਸ ਵਿਚ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸ਼ਾਮਿਲ ਹਨ, ਰਾਹੁਲ ਗਾਂਧੀ ਦੇ ਬਿਆਨ ਨੂੰ ਤਰੋੜ-ਮਰੋੜ ਕੇ ਪੇਸ਼ ਕਰ ਰਹੇ ਹਨ ਤਾਂ ਜੋ ਇੰਨਾਂ ਲਈ ਮੌਤ ਦੀ ਘੰਟੀ ਸਾਬਿਤ ਹੋਣ ਜਾ ਰਹੀ ਜਸਟਿਸ ਰਣਜੀਤ ਸਿੰਘ ਰਿਪੋਰਟ ਤੋਂ ਲੋਕਾਂ ਦਾ ਧਿਆਨ ਹਟਾਇਆ ਜਾ ਸਕੇ।

ਕਾਂਗਰਸ ਦੇ ਸੀਨੀਅਰ ਆਗੂ ਤੇ ਮੰਤਰੀ ਜਿੰਨਾਂ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ ਅਤੇ ਕੁਲਜੀਤ ਸਿੰਘ ਨਾਗਰਾ ਸ਼ਾਮਿਲ ਹਨ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸਿੱਧੇ ਤੇ ਸਾਫ ਤੌਰ ‘ਤੇ ਇੰਨਾਂ ਦੰਗਿਆਂ ਦੀ ਅਲੋਚਨਾ ਕੀਤੀ ਹੈ। ਉਹਨਾਂ ਕਿਹਾ ਕਿ ਸੋਨੀਆ ਗਾਂਧੀ ਨੇ ਨਿੱਜੀ ਤੌਰ ‘ਤੇ ਦਰਬਾਰ ਸਾਹਿਬ ਵਿਖੇ ਜਾ ਕੇ ਮੁਆਫ਼ੀ ਮੰਗੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਵੀ ਇਸ ਮੁੱਦ ‘ਤੇ ਅਫ਼ਸੋਸ ਪ੍ਰਗਟ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਹੁਣ ਰਾਹੁਲ ਗਾਂਧੀ ਨੂੰ ਇਸ ਮੁੱਦੇ ਵਿੱਚ ਖਿੱਚਣਾ ਅਤਿਅੰਤ ਨਿੰਦਣਯੋਗ ਹੈ। ਇੰਨਾਂ ਆਗੂਆਂ ਨੇ ਕਿਹਾ, ”ਆਮ ਤੌਰ ‘ਤੇ ਤਾਂ ਬਾਦਲਾਂ ਵੱਲੋਂ ’84 ਦੇ ਮੁੱਦੇ ਨੂੰ ਸਿਰਫ ਚੋਣਾਂ ਦੌਰਾਨ ਹੀ ਵਰਤਿਆ ਜਾਂਦਾ ਹੈ, ਪਰ ਇਸ ਵਾਰ ਇਹ ਇਸ ਤੋਂ ਵੀ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਬਰਗਾੜੀ ਮਾਮਲੇ ਵਿੱਚ ਇੰਨਾਂ ਬਾਰੇ ਹੋਏ ਖੁਲਾਸੇ ਸਦਕਾ ਹੁਣ ਇੰਨਾਂ ਦੇ ਸਿਆਸੀ ਜੀਵਨ ਦਾ ਅੰਤ ਹੋਣਾ ਤੈਅ ਹੈ ਅਤੇ ਇਸ ਲਈ ਹੁਣ ਇਹ ਘਿਨਾਉਣੀਆਂ ਹਰਕਤਾਂ ‘ਤੇ ਉੱਤਰ ਆਏ ਹਨ।”
ਉਹਨਾਂ ਕਿਹਾ ਕਿ ਬਾਦਲ ਹੁਣ ਬੜੀ ਚਲਾਕੀ ਨਾਲ ਧਿਆਨ ਭਟਕਾਊ ਰਣਨੀਤੀ ਦਾ ਆਸਰਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸੀ ਆਗੂਆਂ ਨੇ ਇਹ ਆਖਦਿਆਂ ਕਿ ਬਾਦਲ ਹਮੇਸ਼ਾਂ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ ਕਿਹਾ, ”ਇਸ ਵਾਰ ਬਾਦਲਾਂ ਨੇ ਬਹੁਤ ਦੇਰ ਕਰ ਦਿੱਤੀ ਹੈ। ਆਪਣੀ ਚਮੜੀ ਦਮੜੀ ਬਚਾਉਣ ਲਈ ਇੰਨਾਂ ਵੱਲੋਂ ਬਰਗਾੜੀ ਵਿੱਚ ਬੇਅਦਬੀ ਵਰਗੀਆਂ ਘਣਾਉਣੀਆਂ ਘਟਨਾਵਾਂ ਕਰਵਾਉਣ ਤੱਕ ਡਿੱਗ ਪੈਣ ਨੂੰ ਪੰਜਾਬ ਦੇ ਲੋਕ ਕਦੇ ਮੁਆਫ ਨਹੀਂ ਕਰਨਗੇ।”ਬਾਦਲਾਂ ਨੂੰ ਆਪਣੇ ਬਚਾਅ ਲਈ ਹੋਰ ਕੋਈ ਵਧੀਆ ਹੀਲਾ ਕਰਨ ਦੀ ਸਲਾਹ ਦਿੰਦਿਆਂ ਇੰਨਾਂ ਆਗੂਆਂ ਨੇ ਕਿਹਾ, ”ਸੌਮਵਾਰ ਆ ਲੈਣ ਦਓ, ਬਾਦਲਾਂ ਨੂੰ ਭੱਜਣ ਲਈ ਰਾਹ ਨਹੀਂ ਲੱਭੇਗਾ ਕਿਉਂਕਿ ਇਹ ਪਤਾ ਲੱਗਦਿਆਂ ਹੀ ਸਿਆਸੀ ਹਿਤਾਂ ਲਈ ਕਿਸ ਤਰਾਂ ਇਹ ਬੇਅਦਬੀਆਂ ਤੇ ਕਤਲ ਕਰਵਾਉਣ ਵਰਗੀਆਂ ਘਿਣਾਉਣੀਆਂ ਹਰਕਤਾਂ ‘ਤੇ ਉੱਤਰ ਆਏ ਸਨ, ਪੰਜਾਬ ਦੇ ਲੋਕ ਅਤੇ ਖਾਸਕਰ ਸਿੱਖ ਇੰਨਾਂ ਨੂੰ ਕਟਿਹਰੇ ਵਿੱਚ ਖੜਾ ਕਰਨਗੇ।










