
ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਜ਼ਿਲਾ ਪ੍ਰਸਾਸ਼ਨ ਅਤੇ ਸ਼ਹਿਰ ਦੇ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ‘ਸਾਂਝੀ ਰਸੋਈ’ ਸਫ਼ਲਤਾਪੂਰਵਕ ਚੱਲ ਰਹੀ ਹੈ। ਇਸ ਪ੍ਰੋਜੈਕਟ ਵਿੱਚ ‘ਬੁੱਕ-ਏ-ਡੇਅ’ ਸਕੀਮ ਤਹਿਤ ਆਮ ਜਨਤਾ ਵਲੋਂ ਆਪਣੇ ਪਰਿਵਾਰਕ ਸਮਾਗਮ ‘ਸਾਂਝੀ ਰਸੋਈ’ ਵਿੱਚ ਲਗਾਤਾਰ ਮਨਾਏ ਜਾ ਰਹੇ ਹਨ।

ਇਸੇ ਕੜੀ ਤਹਿਤ ਸ਼ਹਿਰ ਦੇ ਐਡਵੋਕੇਟ ਆਰ.ਐਸ. ਭੋਗਲ ਵਲੋਂ ਆਪਣੀ ਸਵਰਗਵਾਸੀ ਮਾਤਾ ਪ੍ਰਕਾਸ਼ ਕੌਰ ਦੀ ਬਰਸੀ ਮਨਾਈ ਗਈ। ਇਸ ਮੌਕੇ ਐਡਵੋਕੇਟ ਭੋਗਲ ਨੇ ‘ਸਾਂਝੀ ਰਸੋਈ’ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹਰ ਸਾਲ ਆਪਣੀ ਮਾਤਾ ਦੀ ਬਰਸੀ ਇਥੇ ਮਨਾਉਣਗੇ। ਸਕੱਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਨਰੇਸ਼ ਗੁਪਤਾ ਨੇ ਦੱਸਿਆ ਕਿ ਭੋਗਲ ਵਲੋਂ ਸਾਲ 2017 ਵਿੱਚ ਵੀ ਆਪਣੀ ਮਾਤਾ ਦੀ ਬਰਸੀ ਮੌਕੇ ਇਸ ਪ੍ਰੋਜੈਕਟ ਨੂੰ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਗਿਆ ਸੀ।
ਇਸ ਸਾਲ ਵੀ ਉਹਨਾਂ ਨੇ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਹੈ। ਇਸ ਮੌਕੇ ਪਰਿਵਾਰ ਵਲੋਂ ‘ਸਾਂਝੀ ਰਸੋਈ’ ਵਿੱਚ ਕਰੀਬ 500 ਵਿਅਕਤੀਆਂ ਨਾਲ ਦੁਪਹਿਰ ਦਾ ਭੋਜਨ ਵੀ ਸਾਂਝਾ ਕੀਤਾ ਗਿਆ। ਇਸ ਉਪਰੰਤ ਜ਼ਿਲਾ ਰੈਡ ਕਰਾਸ ਸੋਸਾਇਟੀ ਵਲੋਂ ਭੋਗਲ ਨੂੰ ਸਨਮਾਨ ਚਿੰਨ ਵੀ ਸੌਂਪਿਆ ਗਿਆ।ਇਸ ਮੌਕੇ ਜ਼ਿਲਾ ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਦੇ ਮੈਂਬਰ ਪ੍ਰੋ. ਕੁਲਦੀਪ ਕੋਹਲੀ, ਕੁਮਕੁਮ ਸੂਦ, ਕਰਮਜੀਤ ਕੌਰ ਆਹਲੂਵਾਲੀਆ ਅਤੇ ਜੋਗਿੰਦਰ ਕੌਰ ਵੀ ਹਾਜ਼ਰ ਸਨ।












