ਮੰਗਾਂ ਪੂਰੀਆਂ ਨਾ ਹੋਣ ਤੇ ਜੁਆਇੰਟ ਬਿਜਲੀ ਮੁਲਾਜ਼ਮਾਂ ਨੇ ਲਗਾਇਆ ਧਰਨਾ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਮੈਨੇਜ਼ਮੈਂਟ ਵਲੋਂ ਪਿਛਲੇ ਸਮੇਂ ਅੰਦਰ ਮੰਨੀਆਂ ਮੰਗਾਂ ਲਾਗੂ ਨ ਕਰਨ ਦੇ ਰੋਸ਼ ਵਿੱਚ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਰਾਜ ਬਿਜਲੀ ਬੋਰਡ ਦੇ ਸੱਦੇ ‘ਤੇ ਸਰਕਲ ਦਫ਼ਤਰ ਅੱਗੇ ਰੋਸ਼ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜੁਆਇੰਟ ਫੋਰਮ ਦੇ ਮੈਂਬਰ ਜੈਲ ਸਿੰਘ, ਵਿਜੇ ਕੁਮਾਰ ਸ਼ਰਮਾ ਤੇ ਰਾਕੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਸਰਕਾਰ ਤੇ ਪਾਵਰਕਾਮ ਮੈਨੇਜ਼ਮੈਂਟ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਲਾਪਰਵਾਹ ਹੋਈ ਪਈ ਹੈ। ਸਰਕਾਰ ਤੇ ਮੈਨੇਜ਼ਮੈਂਟ ਦਾ ਰਵੱਈਆ ਮੁਲਾਜ਼ਮਾਂ ਵਿਰੋਧੀ ਹੋਣ ਕਾਰਨ ਮੁਲਾਜ਼ਮਾਂ ਅੰਦਰ ਭਾਰੀ ਰੋਸ਼ ਪਾਇਆ ਜਾ ਰਿਹਾ ਹੈ।
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਮੈਨੇਜ਼ਮੈਂਟ ਵਲੋਂ ਪਿਛਲੇ ਸਮੇਂ ਵਿੱਚ ਮੰਨੀਆਂ ਮੰਗਾਂ ਪੇਅ ਬੈਂਡ ਵਿੱਚ 11/2011 ਤੋਂ ਵਾਧਾ ਦੇਣ, ਰੋਪੜ ਤੇ ਬਠਿੰਡਾ ਥਰਮਲ ਪਲਾਂਟ ਨੂੰ ਮੁੜ ਚਾਲੂ ਕਰਨ, 23 ਸਾਲਾ ਪ੍ਰਮੋਸ਼ਨ ਸਕੇਲ ਬਿਨਾਂ ਸ਼ਰਤ ਸਭ ਨੂੰ ਦੇਣ, ਤਰਸ ਦੇ ਅਧਾਰ ‘ਤੇ ਨੌਕਰੀਆ ਦੇਣ, ਠੇਕੇਦਾਰੀ ਸਿਸਟਮ ਬੰਦ ਕਰਨ, ਬਰਾਬਰ ਕੰਮ ਤੇ ਬਰਾਬਰ ਤਨਖਾਹ ਦਾ ਫਾਰਮੂਲਾ ਲਾਗੂ ਕਰਨ ਅਤੇ ਨਵੀਂ ਭਰਤੀ ਵਾਲੇ ਮੁਲਾਜ਼ਮਾਂ ਨੂੰ ਬਿਜਲੀ ਯੂਨਿਟਾਂ ਵਿੱਚ ਛੋਟ ਦੇਣ ਆਦਿ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਉਹਨਾਂ ਕਿਹਾ ਕਿ ਸਰਕਾਰ ਤੇ ਪਾਵਰਕਾਮ ਮੈਨੇਜ਼ਮੈਂਟ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ਼ ਦਿੱਤੇ ਜਾ ਰਹੇ ਸਰਕਲ ਪੱਧਰੀ ਧਰਨਿਆਂ ਉਪਰੰਤ 2 ਜਨਵਰੀ 2019 ਨੂੰ ਪਟਿਆਲਾ ਹੈਡ ਆਫਿਸ ਵਿਖੇ ਧਰਨਾ ਦਿੱਤਾ ਜਾਵੇਗਾ ਅਤੇ 8-9 ਜਨਵਰੀ 2019 ਨੂੰ ਦੋ ਰੋਜ਼ਾ ਹੜਤਾਲ ਕੀਤੀ ਜਾਵੇਗੀ।
ਇਸ ਮੌਕੇ ਪ੍ਰਵੇਸ਼ ਕੁਮਾਰ, ਲਖਵਿੰਦਰ ਸਿੰਘ, ਵਿਜੇ ਕੁਮਾਰ, ਸ਼ੇਰ ਸਿੰਘ, ਯਾਦਵਿੰਦਰ ਸਿੰਘ, ਰਤਨ ਚੰਦ, ਜਗਜੀਤ ਸਿੰਘ, ਇਕਬਾਲ ਸਿੰਘ ਕੋਕਲਾ, ਜਸਵੀਰ ਸਿੰਘ ਰਾਹੀ, ਮਹਿੰਦਰ ਸਿੰਘ, ਚਰਨਜੀਤ ਸਿੰਘ, ਬਲਵੰਤ ਸਿੰਘ, ਰਤਨ ਸਿੰਘ, ਗੁਰਸ਼ਰਨ ਭੱਟੀ ਅਤੇ ਭੁਪਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਸ਼ਹਿਰੀ ਮੰਡਲ ਹੁਸ਼ਿਆਰਪੁਰ ਵਿਖੇ ਲਾਈਨਮੈਨ ਜਰਨੈਲ ਸਿੰਘ ਅਤੇ ਦੋ ਹੋਰ ਸਾਥੀਆਂ ਵਿਰੁੱਧ ਮਾਡਲ ਟਾਉਨ ਪੁਲਿਸ ਥਾਣਾ ਹੁਸ਼ਿਆਰਪੁਰ ਵਿਖੇ ਦਰਜ਼ ਕੀਤੀ ਐਫ.ਆਈ.ਆਰ. ਦੀ ਨਿੰਦਾ ਕੀਤੀ। ਉਹਨਾਂ ਮੁਲਾਜ਼ਮਾਂ ‘ਤੇ ਦਰਜ਼ ਕੀਤੀ ਐਫ.ਆਈ.ਆਰ. ਰੱਦ ਕਰਾਉਣ ਦੀ ਮੰਗ ਲਈ ਲਗਾਤਾਰ ਸੰਘਰਸ਼ ਜਾਰੀ ਰੱਖਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਮੁਲਾਜ਼ਮਾਂ ਨਾਲ ਧੱਕਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here