82 ਲੱਖ ਰੁਪਏ ਦੀ ਲਾਗਤ ਨਾਲ ਜਹਾਨਖੇਲਾਂ ‘ਚ ਬਣੇਗਾ ਖੇਡ ਸਟੇਡੀਅਮ: ਸੁੰਦਰ ਸ਼ਾਮ ਅਰੋੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਪਿੰਡ ਜਹਾਨਖੇਲਾਂ ਵਿੱਚ 82 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦੀ ਉਸਾਰੀ ਸ਼ੁਰੂ ਕਰਵਾਉਂਦਿਆਂ ਰੱਖਦਿਆਂ ਕਿਹਾ ਕਿ ਪਿੰਡਾਂ ਵਿੱਚ ਖੇਡ ਸਟੇਡੀਅਮ ਅਤੇ ਖੇਡ ਮੈਦਾਨਾਂ ਦੀ ਸਥਾਪਤੀ ਨਾਲ ਨੌਜਵਾਨ ਪੀੜੀ ਖੇਡਾਂ ਵੱਲ ਪ੍ਰੇਰਿਤ ਹੋਵੇਗੀ ਅਤੇ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੁੜ ਮੋਹਰੀ ਸੂਬੇ ਵਜੋਂ ਉਭਾਰੇਗੀ। ਰਾਜ ਸਰਕਾਰ ਦੇ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਰਾਸ਼ਟਰ ਪਿਤਾ ਮਹਾਤਮਾ ਜੀ ਦੇ ਜਨਮ ਦਿਵਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 750 ਪਿੰਡਾਂ ਵਿੱਚ ਖੇਡ ਸਟੇਡੀਅਮਾਂ/ਮੈਦਾਨਾਂ ਦੀ ਉਸਾਰੀ ਦੀ ਸ਼ੁਰੂਆਤ ਉਪਰੰਤ ਜਹਾਨਖੇਲਾਂ ਵਿੱਚ 4 ਏਕੜ ਰਕਬੇ ਵਿੱਚ ਬਨਣ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪਿੰਡਾਂ ਵਿੱਚ ਸਟੇਡੀਅਮ ਬਨਣ ਨਾਲ ਖੇਡਦਾ ਪੰਜਾਬ ਦਾ ਟੀਚਾ ਪੂਰਾ ਹੋਵੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਪਹਿਲਕਦਮੀ ਨਾਲ ਨੌਜਵਾਨ ਪੀੜੀ ਨੂੰ ਖੇਡਾਂ ਦੇ ਖੇਤਰ ਵਿੱਚ ਨਵੀਆਂ ਪੈੜ•ਾਂ ਪਾਉਣ ਦੇ ਮੌਕਿਆਂ ਵਿੱਚ ਅਥਾਹ ਵਾਧਾ ਹੋਵੇਗਾ ਅਤੇ ਸੂਬੇ ਦੇ ਨੌਜਵਾਨ ਖਿਡਾਰੀ ਰਾਜ, ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਆਪਣੀ ਖੇਡ ਦਾ ਲੋਹਾ ਮਨਵਾ ਕੇ ਪੰਜਾਬ ਦਾ ਨਾਂ ਰੌਸ਼ਨ ਕਰਨਗੇ।

Advertisements

ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਨਸ਼ਿਆਂ ਦੇ ਰਾਹ ‘ਤੇ ਤੁਰਨ ਨਾਲ ਸਾਡੀ ਜਵਾਨੀ ਦਾ ਭਾਰੀ ਨੁਕਸਾਨ ਹੋਇਆ ਅਤੇ ਮਾਰਚ 2017 ਵਿੱਚ ਕਾਂਗਰਸ ਸਰਕਾਰ ਬਨਣ ਪਿੱਛੋਂ ਨਸ਼ਿਆਂ ਦੀਆਂ ਜੜਾਂ ਖੋਖਲੀਆਂ ਕਰਦਿਆਂ ਪੰਜਾਬ ਸਰਕਾਰ ਨੇ ਨੌਜਵਾਨਾਂ ਪੱਖੀ ਲਾਮਿਸਾਲ ਫੈਸਲੇ ਲੈ ਕੇ ਉਨਾਂ ਦੀ ਊਰਜਾ ਦੀ ਸਹੀ ਦਿਸ਼ਾ ਵਿੱਚ ਵਰਤੋਂ ਨੂੰ ਤਵੱਜੋਂ ਦਿੱਤੀ। ਉਨਾਂ ਕਿਹਾ ਕਿ ਇਨਾਂ ਸਟੇਡੀਅਮਾਂ/ਖੇਡ ਮੈਦਾਨਾਂ ਦੀ ਉਸਾਰੀ ਨਾਲ ਪਿੰਡਾਂ ਵਿੱਚ ਸਿਹਤਮੰਦ ਮਾਹੌਲ ਦੀ ਸਿਰਜਨਾ ਹੋਣ ਸਦਕਾ ਸਾਡੀ ਨੌਜਵਾਨ ਪੀੜੀ ਨਿੱਗਰ ਅਤੇ ਤੰਦਰੁਸਤ ਰਹੇਗੀ ਜੋ ਕਿ ਖੇਡਦਾ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰੇਗੀ। ਪਿੰਡਾਂ ਵਿੱਚ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਇਸ ਫੈਸਲੇ ਵਿੱਚ ਪੰਚਾਇਤਾਂ ਨੂੰ ਭਾਈਵਾਲ ਬਨਾਉਣ ਬਾਰੇ ਉਦਯੋਗ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਤੋਂ ਪੰਚਾਇਤਾਂ ਅਤੇ ਪੇਂਡੂ ਵਸੋਂ ਬੇਹੱਦ ਖੁਸ਼ ਹੈ ਕਿਉਂਕਿ ਇਹ ਕਾਰਜ ਨੌਜਵਾਨ ਪੀੜੀ ਦੇ ਚਹੁੰਮੁਖੀ ਵਿਕਾਸ ਵਿੱਚ ਅਹਿਮ ਰੋਲ ਅਦਾ ਕਰੇਗਾ।

ਜ਼ਿਕਰਯੋਗ ਹੈ ਕਿ ਉਦਯੋਗ ਮੰਤਰੀ ਨੇ ਸਮਾਗਮ ਦੀ ਸ਼ੁਰੂਆਤ ਇਕ ਮਗਨਰੇਗਾ ਵਰਕਰ ਤੋਂ ਰਿਬਨ ਕਟਾ ਕੇ ਕਰਵਾਈ। ਇਸ ਮੌਕੇ ਖੇਤੀ ਬਿੱਲਾਂ ਸਬੰਧੀ ਪੱਤਰਕਾਰਾਂ ਵਲੋਂ ਪੁੱਛੇ ਸਵਾਲ ਦੇ ਜਵਾਬ ‘ਚ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਅਕਾਲੀ-ਭਾਜਪਾ ਦਾ ਕਿਸਾਨ ਵਿਰੋਧੀ ਚਿਹਰਾ ਬੇਨਕਾਬ ਹੋਣ ਪਿੱਛੋਂ ਇਹ ਦੋਵੇਂ ਪਾਰਟੀਆਂ ਆਪਣੀ ਸਿਆਸੀ ਹੋਂਦ ਨੂੰ ਬਚਾਉਣ ਲਈ ਨਵੀਆਂ-ਨਵੀਆਂ ਡਰਾਮਬਾਜੀਆਂ ਕਰ ਰਹੀਆਂ ਹਨ ਜਿਹੜੀਆਂ ਕਿ ਹੁਣ ਹੋਰ ਨਹੀਂ ਚੱਲਣਗੀਆਂ। ਉਹਨਾਂ ਕਿਹਾ ਕਿ ਆਪਣੇ ਸਿਆਸੀ ਹਿੱਤਾਂ ਖਾਤਰ ਇਹ ਪਾਰਟੀਆਂ ਹੱਥ-ਪੈਰ ਮਾਰ ਰਹੀਆਂ ਹਨ ਪਰ ਕਿਸਾਨਾਂ ਨੂੰ ਦੋਵਾਂ ਪਾਰਟੀਆਂ ਦੀ ਅਸਲੀਅਤ ਦਾ ਪਤਾ ਲੱਗ ਚੁੱਕਾ ਹੈ ਅਤੇ ਉਹ ਇਹਨਾਂ ਪਾਰਟੀਆਂ ਨੂੰ ਆਉਣ ਵਾਲੇ ਸਮੇਂ ‘ਚ ਬਖਸ਼ਣਗੇ ਨਹੀਂ। ਬੀਤੇ ਦਿਨ ਅਕਾਲੀ ਦਲ ਵਲੋਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਕੱਢੇ ਗਏ ਮਾਰਚ ਬਾਰੇ ਪੁੱਛੇ ਜਾਣ ‘ਤੇ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਅਕਾਲੀ ਦਲ ਵਲੋਂ ਹੁਣ ਆਪਣੀ ਸਿਆਸੀ ਸਾਖ ਦੇ ਬਚਾਅ ਲਈ ਇਹ ਮਾਰਚ ਕੱਢੇ ਜਾ ਰਹੇ ਹਨ। ਉਹਨਾਂ ਅਕਾਲੀ ਲੀਡਰਸ਼ਿਪ ਨੂੰ ਸਵਾਲ ਕੀਤਾ ਕਿ ਜਦੋਂ ਇਹ ਬਿੱਲ ਪਾਸ ਹੋ ਰਹੇ ਸਨ ਤਾਂ ਉਦੋਂ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ੀਰੀ ਤੋਂ ਅਸਤੀਫ਼ਾ ਕਿਉਂ ਨਹੀਂ ਦਿੱਤਾ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਦੋਗਲੀ ਨੀਤੀ ਦਾ ਪਰਦਾਫਾਸ਼ ਹੋ ਚੁੱਕਾ ਹੈ ਕਿਉਂਕਿ ਬਿੱਲ ਪਾਸ ਹੋਣ ਤੱਕ ਖੁਦ ਨੂੰ ਕਿਸਾਨ ਹਿਤੈਸ਼ੀ ਕਹਾਉਣ ਵਾਲੇ ਅਕਾਲੀ ਲੀਡਰ ਖੇਤੀ ਆਰਡੀਨੈਂਸਾਂ ਦੇ ਪੱਖ ਵਿੱਚ ਡੱਟ ਕੇ ਪਹਿਰਾ ਦਿੰਦੇ ਰਹੇ ਸਨ।

ਉਹਨਾਂ ਕਿਹਾ ਕਿ ਜਦੋਂ ਕਿਸਾਨਾਂ ਵਲੋਂ ਇਹ ਐਲਾਨ ਕਰ ਦਿੱਤਾ ਗਿਆ ਕਿ ਕਿਸਾਨ ਵਿਰੋਧੀ ਪਾਰਟੀਆਂ ਦੀ ਡਟਵਾਂ ਵਿਰੋਧ ਕੀਤਾ ਜਾਵੇਗਾ ਤਦ ਜਾ ਕੇ ਅਕਾਲੀਆਂ ਨੇ ਭਾਜਪਾ ਨਾਲੋਂ ਵੱਖ ਹੋਣ ਦਾ ਐਲਾਨ ਕੀਤਾ। ਇਕ ਹੋਰ ਸਵਾਲ ਦੇ ਜਵਾਬ ‘ਚ ਉਦਯੋਗ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਕਿਸਾਨਾਂ ਦੇ ਘੋਲ ਵਿੱਚ ਉਹਨਾਂ ਦੇ ਨਾਲ ਚੱਟਾਨ ਵਾਂਗ ਖੜੀ ਹੈ ਅਤੇ ਪੰਜਾਬ ਸਰਕਾਰ ਕਿਸੇ ਵੀ ਹਾਲਤ ਵਿੱਚ ਕਿਸਾਨੀ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀ.ਆਈ.ਡੀ.ਬੀ. ਦੇ ਵਾਈਸ ਚੇਅਰਮੈਨ ਬ੍ਰਹਮ ਸ਼ੰਕਰ ਜਿੰਪਾ, ਨਗਰ ਸੁਧਾਰ ਟਰੱਸਟ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਜ਼ਿਲਾ ਪ੍ਰੀਸ਼ਦ ਦੇ ਡਿਪਟੀ ਸੀ.ਈ.ਓ. ਅਜੇ ਕੁਮਾਰ ਅਤੇ ਸਰਪੰਚ ਕਮਲ ਕਿਸ਼ੋਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here