ਸੜਕ ਹਾਦਸੇ ‘ਚ ਇਕ ਵਿਅਕਤੀ ਦੀ ਮੌਤ, ਇਕ ਗੰਭੀਰ ਜ਼ਖਮੀ

ਜਲੰਧਰ(ਦ ਸਟੈਲਰ ਨਿਊਜ਼)। ਜਲੰਧਰ-ਨਕੋਦਰ ਸੜਕ ‘ਤੇ ਪਿੰਡ ਨਾਨਕਸਰ ਨੇੜੇ ਸੜਕ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪੁਲਿਸ ਚੌਂਕੀ ਪ੍ਰਤਾਪਪੁਰਾ ਦੇ ਇੰਚਾਰਜ ਸੁਖਦੇਵ ਸਿੰਘ ਉੱਪਲ ਨੇ ਦੱਸਿਆ ਕਿ ਡੈਨੀਅਲ ਮਸੀਹ ਵਾਸੀ ਫੋਲੜੀਵਾਲ, ਹਾਲ ਵਾਸੀ ਪਿੰਡ ਸਿੰਘਾਂ ਆਪਣੀ ਇਕ ਰਿਸ਼ਤੇਦਾਰ ਨਾਲ ਐਕਟਿਵਾ ‘ਤੇ ਪ੍ਰਤਾਪੁਪੁਰਾ ਸਥਿਤ ਮੰਡੀ ਵੱਲ ਜਾ ਰਹੇ ਸਨ। ਪਿੰਡ ਨਾਨਕਸਰ ਨੇੜੇ ਨਕੋਦਰ ਵੱਲੋਂ ਆ ਰਹੀ ਸਵਿਫਟ ਕਾਰ ਨੰਬਰ ਪੀਬੀ 69 ਡੀ 2929 ਨਾਲ ਐਕਟਿਵਾ ਦੀ ਟੱਕਰ ਹੋ ਗਈ।

Advertisements

ਹਾਦਸੇ ‘ਚ ਡੈਨੀਅਲ ਮਸੀਹ ਦੀ ਮੌਤ ਹੋ ਗਈ ਅਤੇ ਉਸ ਦੇ ਨਾਲ ਸਵਾਰ ਕੁਲਵਿੰਦਰ ਕੌਰ ਵਾਸੀ ਪਿੰਡ ਸਿੰਘਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਜ਼ਖ਼ਮੀ ਕੁਲਵਿੰਦਰ ਕੌਰ ਨੂੰ ਜਲੰਧਰ ਦੇ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਚੌਕੀ ਪ੍ਰਤਾਪਪੁਰਾ ਦੇ ਇੰਚਾਰਜ ਸੁਖਦੇਵ ਸਿੰਘ ਉੱਪਲ ਵੱਲੋਂ ਮੌਕੇ ‘ਤੇ ਪਹੁੰਚ ਕੇ ਤੁਰੰਤ ਕਾਰਵਾਈ ਕਰਦਿਆਂ ਕਾਰ ਚਾਲਕ ਹਰਮਨ ਸਿੰਘ ਵਾਸੀ ਪਿੰਡ ਬੈਰੋਕੇ, ਥਾਣਾ ਬਾਘਾਪੁਰਾਣਾ ਮੋਗਾ ਨੂੰ ਹਿਰਾਸਤ ਵਿੱਚ ਲੈ ਲਿਆ। ਵਰਨਣਯੋਗ ਹੈ ਕਿ ਇਸ ਸੜਕ ‘ਤੇ ਪਿੰਡ ਪ੍ਰਤਾਪਪੁਰਾ ਤੋਂ ਸਿੰਘਾਂ ਪੈਟਰੋਲ ਪੰਪ ਤਕ ਪਏ ਖੱਡੇ ਆਏ ਦਿਨ ਹਾਦਸਿਆਂ ਦਾ ਕਾਰਨ ਬਣਦੇ ਰਹਿੰਦੇ ਹਨ ਪਰ ਅੱਜ ਤਕ ਕਿਸੇ ਵੀ ਪ੍ਰਸ਼ਾਸਨਿਕ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਇਨ੍ਹਾਂ ਖੱਡਿਆਂ ਨੂੰ ਪੂਰਨ ਦੀ ਜ਼ਰੂਰਤ ਤਕ ਮਹਿਸੂਸ ਨਹੀਂ ਕੀਤੀ ਗਈ ਜਿਸ ਕਾਰਨ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਹ ਹੈ।

LEAVE A REPLY

Please enter your comment!
Please enter your name here