
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ 153ਵੀਂ ਜਯੰਤੀ ਮੌਕੇ ਸਿਵਲ ਸਰਜਨ ਡਾ.ਪ੍ਰੀਤ ਮੋਹਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਅੱਜ ਹੁਸ਼ਿਆਰਪੁਰ ਦੇ ਕੁਸ਼ਟ ਆਸ਼ਰਮ ਵਿਖੇ ਕੁਸ਼ਟ ਰੋਗ ਸੰਬਧੀ ਜਾਗਰੁਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਜਿਲਾ ਲੈਪਰੋਸੀ ਅਫਸਰ (ਐਨ.ਐਲ.ਈ.ਪੀ.)ਡਾ.ਸੋਰਭ ਸ਼ਰਮਾ ਨੇ ਕੁਸ਼ਟ ਰੋਗ ਸੰਬਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਕੁਸ਼ਟ ਰੋਗ ਕੋਈ ਪੁਰਾਣੇ ਪਾਪਾਂ ਦਾ ਫਲ ਜਾਂ ਸਰਾਪ ਨਹੀਂ ਹੈ, ਇਹ ਆਮ ਰੋਗਾਂ ਦੀ ਤਰ੍ਹਾਂ ਇੱਕ ਰੋਗ ਹੈ। ਇਸ ਰੋਗ ਦਾ ਸਮੇਂ ਸਿਰ ਇਲਾਜ ਕਰਵਾਉਣ ਨਾਲ ਰੋਗ ਤੋਂ ਹੋਣ ਵਾਲੀ ਅਪੰਗਤਾ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਜਿਵੇਂ ਕਿ ਚਮੜੀ ਉੱਤੇ ਹੱਲਕੇ, ਫਿੱਕੇ, ਬਦਰੰਗ, ਤਾਂਬੇ ਰੰਗ ਦਾਗ਼, ਗਰਮ ਠੰਡੇ ਦਾ ਪਤਾ ਨਾ ਲੱਗਣਾ, ਨਸਾਂ ਵਿੱਚ ਦਰਦ ਹੋਣਾ, ਕੰਨਾਂ ਦੇ ਪਿੱਛੇ ਅਤੇ ਮੂੰਹ ਤੇ ਗੱਠਾਂ ਬਣ ਜਾਣੀਆਂ, ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਟੇਢੀਆਂ ਹੋ ਜਾਣੀਆਂ, ਅੱਖਾਂ ਦਾ ਬੰਦ ਨਾ ਹੋਣਾ ਆਦਿ ਕੁਸ਼ਟ ਰੋਗ ਦੇ ਲੱਛਣ ਹਨ ।

ਇਸ ਬਿਮਾਰੀ ਦੀ ਦਵਾਈ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਵਿੱਚ ਮੁਫਤ ਦਿੱਤੀ ਜਾਂਦੀ ਹੈ । ਇਸ ਮੌਕੇ ਡਾ. ਲਕਸ਼ਮੀ ਕਾਂਤ ਅਤੇ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਅਮਨਦੀਪ ਸਿੰਘ ਹਾਜ਼ਰ ਸਨ ।












