Monday, November 2, 2026
Home Latest ਚੇਅਰਮੈਨ ਰਮਨ ਬਹਿਲ ਦੇ ਯਤਨਾ ਸਦਕਾ ਹੁਣ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿੱਚ ਵੀ...

ਚੇਅਰਮੈਨ ਰਮਨ ਬਹਿਲ ਦੇ ਯਤਨਾ ਸਦਕਾ ਹੁਣ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿੱਚ ਵੀ ਹੋਵੇਗੀ ਮੈਡੀਕਲ ਸਿੱਖਿਆ ਦੀ ਉਚੇਰੀ ਪੜ੍ਹਾਈ

ਗੁਰਦਾਸਪੁਰ(ਦ ਸਟੈਲਰ ਨਿਊਜ਼): ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੇ ਯਤਨਾ ਸਦਕਾ ਹੁਣ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿੱਚ ਮੈਡੀਕਲ ਦੀ ਉਚੇਰੀ ਪੜ੍ਹਾਈ ਸ਼ੁਰੂ ਹੋਣ ਜਾ ਰਹੀ ਹੈ। ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿਖੇ ਬੱਚਾ ਰੋਗ ਅਤੇ ਜਨਾਨਾ ਰੋਗ ਦੇ ਡੀ.ਐੱਨ.ਬੀ ਕੋਰਸ ਕਰਵਾਏ ਜਾਣਗੇ ਅਤੇ ਪੰਜਾਬ ਸਰਕਾਰ ਵੱਲੋਂ ਇਸ ਕੋਰਸ ਵਾਸਤੇ ਗੁਰਦਾਸਪੁਰ ਨੂੰ ਚਾਰ ਸੀਟਾਂ ਅਲਾਟ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਕੋਲੋਂ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਲਈ ਡੀ.ਐੱਨ.ਬੀ ਕੋਰਸ ਮਨਜ਼ੂਰ ਕਰਵਾ ਲਿਆ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨਾਲ ਇਸ ਸਬੰਧੀ ‘ਮੈਮੋਰੰਡਮ ਆਫ ਅੰਡਰਸਟੈਂਡਿੰਗ’ (ਐੱਮ.ਓ.) ਵੀ ਸਾਈਨ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਡੀ.ਐੱਨ.ਬੀ ਕੋਰਸ ਦੀ ਬਣਦੀ 9.60 ਲੱਖ ਰੁਪਏ ਦੀ ਫੀਸ ਵੀ ਜਮ੍ਹਾਂ ਕਰਵਾ ਦਿੱਤੀ ਗਈ ਹੈ ਅਤੇ ਅਗਲੇ ਸੈਸ਼ਨ ਤੋਂ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿਖੇ ਡੀ.ਐੱਨ.ਬੀ ਕੋਰਸ ਸ਼ੁਰੂ ਕਰ ਦਿੱਤਾ ਜਾਵੇਗਾ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਐੱਮ.ਬੀ.ਬੀ.ਐੱਸ. ਤੋਂ ਬਾਅਦ ਐੱਮ.ਡੀ. ਵਾਂਗ ਹੀ ਡੀ.ਐੱਨ.ਬੀ ਕੋਰਸ ਕੀਤਾ ਜਾਂਦਾ ਹੈ ਅਤੇ ਮੈਡੀਕਲ ਦੀ ਪੜ੍ਹਾਈ ਵਿੱਚ ਇਸਦੀ ਬਹੁਤ ਅਹਿਮੀਅਤ ਹੈ। ਉਨ੍ਹਾਂ ਕਿਹਾ ਕਿ ਇਸ ਕੋਰਸ ਦੇ ਸ਼ੁਰੂ ਹੋਣ ਨਾਲ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਦਾ ਰੁਤਬਾ ਹੋਰ ਵੀ ਵਧੇਗਾ। ਇਸਦੇ ਨਾਲ ਹੀ ਜਨਾਨਾ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਤੋਂ ਇਲਾਵਾ ਚਾਰ ਹੋਰ ਡਾਕਟਰ ਜਿਹੜੇ ਡੀ.ਐੱਨ.ਬੀ ਦਾ ਕੋਰਸ ਕਰਨਗੇ ਉਹ ਵੀ ਸਿਵਲ ਹਸਪਤਾਲ ਗੁਰਦਾਸਪੁਰ ਨੂੰ ਮਿਲ ਜਾਣਗੇ, ਜਿਸ ਨਾਲ ਡਾਕਟਰਾਂ ਦੀ ਘਾਟ ਪੂਰੀ ਹੋ ਜਾਵੇਗੀ। ਸ੍ਰੀ ਬਹਿਲ ਨੇ ਕਿਹਾ ਕਿ ਇਸ ਦਾ ਲਾਭ ਨਾ ਸਿਰਫ ਗੁਰਦਾਸਪੁਰ ਸ਼ਹਿਰ ਬਲਕਿ ਪੂਰੇ ਜ਼ਿਲ੍ਹੇ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਕੋਰਸ ਦੇ ਸ਼ੁਰੂ ਹੋਣ ਨਾਲ ਮੈਡੀਕਲ ਖੇਤਰ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਫਾਇਦਾ ਮਿਲੇਗਾ। ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਮਿਸਾਲੀ ਸੁਧਾਰ ਕੀਤੇ ਜਾ ਰਹੇ ਹਨ ਜਿਸ ਤਹਿਤ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਪੂਰੀ ਕਰਨ ਦੇ ਨਾਲ ਦਵਾਈਆਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਸਿਹਤ ਸੁਧਾਰਾਂ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ।

Advertisements

LEAVE A REPLY

Please enter your comment!
Please enter your name here