ਪੰਜਾਬ ਵਿੱਚ ਭਾਈਚਾਰਕ ਸਾਂਝ ਹਮੇਸ਼ਾ ਰਹੀ ਹੈ ਅਤੇ ਭਵਿੱਖ ਵਿੱਚ ਵੀ ਹਮੇਸ਼ਾ ਰਹੇਗੀ: ਖੋਜੇਵਾਲ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਜਾਗਰੂਕ ਸਮਾਜ ਉਹ ਹੁੰਦਾ ਹੈ,ਜਿਸ ਵਿੱਚ ਸਭ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਕਿਸੇ ਸਾਂਝੇ ਉਦੇਸ਼ ਲਈ ਇੱਕਮੱਤ ਹੋ ਕੇ ਸੰਘਰਸ਼ ਕਰਨ।ਜਿਸ ਸਮਾਜ ਵਿੱਚ ਵੰਡੀਆਂ ਹਨ ਅਤੇ ਇਕੱਠੇ ਹੋ ਕੇ ਸੰਘਰਸ਼ ਕਰਨ ਜੋਗੇ ਨਹੀਂ,ਉਨ੍ਹਾਂ ਨੂੰ ਕੋਈ ਵੀ ਆਸਾਨੀ ਨਾਲ ਖਤਮ ਕਰ ਸਕਦਾ ਹੈ।ਇਤਿਹਾਸ ਦੱਸਦਾ ਹੈ ਕਿ ਸਾਡੀ ਗੁਲਾਮੀ ਦਾ ਕਾਰਨ ਸਾਡਾ ਆਪਸ ਵਿੱਚ ਵੰਡੇ ਹੋਣਾ ਸੀ।ਆਜ਼ਾਦੀ ਤੋਂ ਬਾਅਦ ਵੀ ਵੰਡਪਾਊ ਤਾਕਤਾਂ ਨੇ ਸਮਾਜ ਨੂੰ ਇਕਜੁੱਟ ਨਹੀਂ ਹੋਣ ਦਿੱਤਾ।ਅੱਜ ਸਮਾਂ ਬਦਲ ਰਿਹਾ ਹੈ ਅਤੇ ਲੋਕ ਵੰਡ-ਪਾਊ ਸਾਜ਼ਿਸ਼ਾਂ ਨੂੰ ਸਮਝ ਰਹੇ ਹਨ।ਉਪਰੋਕਤ ਗੱਲਾਂ ਦਾ ਪ੍ਰਗਟਾਵਾ ਸੋਮਵਾਰ ਨੂੰ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹਿਆ।ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਦਿਨ ਪ੍ਰਤੀ ਦਿਨ ਖਰਾਬ ਹੁੰਦਾ ਜਾ ਰਿਹਾ ਹੈ।

Advertisements

ਜਿਸ ਤਰ੍ਹਾਂ ਪੰਜਾਬ ਵਿਚ ਦਿਨ ਦਿਹਾੜੇ ਕਤਲ,ਲੁੱਟਾਂ-ਖੋਹਾਂ,ਚੋਰੀ ਚਕਾਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਤੇ ਕੁਝ ਸ਼ਰਾਰਤੀ ਅਨਸਰ ਭੜਕਾਊ ਬਿਆਨਬਾਜੀ ਕਰਕੇ ਪੰਜਾਬ ਦਾ ਮਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ,ਉਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੰਨ੍ਹਾਂ ਸਾਜ਼ਿਸ਼ਾਂ ਪਿੱਛੇ ਕਿਸੇ ਦੇਸ਼ ਵਿਰੋਧੀ ਤਾਕਤ ਦਾ ਹੱਥ ਹੈ ਤੇ ਉਹ ਜਾਣ ਬੁੱਝ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੀ ਹੈ।ਖੋਜੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਕਾਨੂੰਨ ਜਿਵੇਂ ਖੰਭ ਲਗਾਕੇ ਹਵਾ ਵਿੱਚ ਉੱਡ ਗਿਆ ਹੈ।ਪੰਜਾਬ ਵਿੱਚ ਦੇਸ਼ ਵਿਰੋਧੀ ਤਾਕਤਾਂ ਦੀਆਂ ਗਤੀਵਿਧੀਆਂ ਤੇਜ਼ੀ ਨਾਲ ਵਧੀਆਂ ਹਨ।ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।ਹਿੰਦੂ-ਸਿੱਖ ਨੂੰ ਵੱਖ ਕਰਨ ਵਿੱਚ ਮੌਜੂਦਾ ਸਰਕਾਰ ਲੱਗੀ ਹੋਈ ਹੈ ਪਰ ਪੰਜਾਬ ਵਿੱਚ ਭਾਈਚਾਰਕ ਸਾਂਝ ਹਮੇਸ਼ਾ ਰਹੀ ਹੈ ਅਤੇ ਭਵਿੱਖ ਵਿੱਚ ਵੀ ਹਮੇਸ਼ਾ ਰਹੇਗੀ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਿੰਦੂ-ਸਿੱਖ ਇੱਕ ਸਨ,ਇੱਕ ਹਨ ਅਤੇ ਹਮੇਸ਼ਾ ਇੱਕ ਰਹਿਣਗੇ।

ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਅਫਵਾਹ ਤੇ ਯਕੀਨ ਨਾਂ ਕੀਤੀ ਜਾਵੇ ਅਤੇ ਪੰਜਾਬ ਚ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਦੇ ਨਾਲ-ਨਾਲ ਆਪਸੀ ਭਾਂਈਚਾਰਕ ਸਾਂਝ ਨੂੰ ਵੀ ਬਰਕਰਾਰ ਰੱਖਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਕੁੱਝ ਲੋਕ ਆਏ ਦਿਨ ਫਿਰਕਾਪ੍ਰਸਤ ਬਿਆਨਬਾਜ਼ੀ ਕਰਕੇ ਹਿੰਦੂ-ਸਿੱਖ ਭਾਈਚਾਰੇ ਚ ਫੁੱਟ ਪਾ ਕੇ ਮਾਹੌਲ ਨੂੰ ਖਰਾਬ ਕਰ ਰਹੇ ਹਨ,ਜਦਕਿ ਪੰਜਾਬ ਚ ਹਿੰਦੂ-ਸਿੱਖ ਭਾਈਚਾਰੇ ਦੇ ਲੋਕ ਆਪਸੀ ਪਿਆਰ ਅਤੇ ਮਿਲਵਰਤਣ ਨਾਲ ਰਹਿ ਰਹੇ ਹਨ ਅਤੇ ਇੰਨ੍ਹਾਂ ਨੂੰ ਕਿਸੇ ਧਰਮ ਤੋਂ ਕੋਈ ਖਤਰਾ ਨਹੀਂ ਹੈ।ਉਨ੍ਹਾਂ ਕਿਹਾ ਕਿ ਜੋ ਸ਼ਰਾਰਤੀ ਅਨਸਰ ਭੜਕਾਊ ਬਿਆਨਬਾਜ਼ੀ ਕਰ ਰਹੇ ਹਨ ਓਹ ਆਪਣੀਆਂ ਹਰਕਤਾਂ ਤੋਂ ਅਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਤੋਂ ਬਾਜ਼ ਆ ਜਾਣ।ਖੋਜੇਵਾਲ ਨੇ ਕਿਹਾ ਕਿ ਪੰਜਾਬ ਹੀ ਨਹੀਂ ਪੂਰੀ ਦੁਨੀਆ ਵਿੱਚ ਹਿੰਦੂ ਸਿੱਖ ਭਾਈਚਾਰਕ ਸਾਂਝ ਬਣੀ ਹੈ ਤੇ ਬਣੀ ਰਹੇਗੀ।ਖੋਜੇਵਾਲ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਦਹਿਸ਼ਤ ਫੈਲਾ ਰਹੇ ਅਨਸਰਾਂ ਤੇ ਨੱਥ ਪਾਉਣ ਲਈ ਅਹਿਮ ਕਾਰਵਾਈ ਕਰ ਕੇ ਉਨ੍ਹਾਂ ਦਾ ਮੱਕੂ ਠੱਪੇ।ਖੋਜੇਵਾਲ ਨੇ ਅਖੀਰ ਵਿਚ ਹਿੰਦੂ-ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇੰਨਾ ਫਿਰਕਾਰਪ੍ਰਸਤ ਲੋਕਾਂ ਦੀਆ ਸਾਜ਼ਿਸ਼ਾਂ ਤੋਂ ਬਚ ਕੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ।

LEAVE A REPLY

Please enter your comment!
Please enter your name here