
ਬਿਹਾਰ (ਦ ਸਟੈਲਰ ਨਿਊਜ਼)। ਬਿਹਾਰ ਦੇ ਭਾਗਲਪੁਰ ਵਿੱਚ ਗੰਗਾ ਨਦੀ ਤੇ ਅਰਬਾਂ ਰੁਪਏ ਦੀ ਲਾਗਤ ਨਾਲ ਬਣ ਰਿਹਾ ਪੁਲ ਇਕਦਮ ਡਿੱਗ ਪਿਆ। ਖਗੜੀਆ ਨੂੰ ਭਾਗਲਪੁਰ ਨਾਲ ਜੋੜਨ ਵਾਲੇ ਅਗੁਵਾਨੀ ਸੁਲਤਾਨਗੰਜ ਗੰਗਾ ਪੁਲ ਦੇ ਚਾਰ ਖੰਭੇ ਡਿੱਗ ਕੇ ਗੰਗਾ ਨਦੀ ਵਿੱਚ ਸਮਾ ਗਏ। ਇਸ ਹਾਦਸੇ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਟਨਾ ਵਿੱਚ ਇੱਕ ਮੀਟਿੰਗ ਕੀਤੀ, ਜਿਸ ਵਿੱਚ ਉਪ ਮੰਤਰੀ ਤੇਜਸਵੀ ਯਾਦਵ ਅਤੇ ਸੜਕ ਨਿਰਮਾਣ ਦੇ ਵਧੀਕ ਮੁੱਖ ਸਕੱਤਰ ਪ੍ਰਤਯ ਅੰਮ੍ਰਿਤ ਵੀ ਮੌਜੂਦ ਸਨ।

ਸੀਐਮ ਨਿਤੀਸ਼ ਕੁਮਾਰ ਨੇ ਪ੍ਰਤਯ ਅੰਮ੍ਰਿਤ ਨੂੰ ਘਟਨਾ ਦੀ ਪੂਰੀ ਜਾਂਚ ਕਰਨ ਅਤੇ ਦੋਸ਼ੀਆਂ ਦੀ ਪਛਾਣ ਕਰਕੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਗੰਗਾ ਨਦੀ ਵਿੱਚ ਪੁੱਲ ਡਿੱਗਣ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਇਹ ਪੁਲ ਭਾਗਲਪੁਰ ਵਿੱਚ ਗੰਗਾ ਨਦੀ ਤੇ ਬਣਨ ਵਾਲਾ ਸਭ ਤੋਂ ਵੱਡਾ ਪੁਲ ਹੈ। ਇਹ ਪੁਲ 1700 ਕਰੋੜ ਰੁਪਏ ਦੀ ਵੱਡੀ ਰਕਮ ਦੇ ਖਰਚੇ ਤੇ ਤਿਆਰ ਹੋ ਰਿਹਾ ਹੈ। ਇੱਕ ਸਾਲ ਪਹਿਲਾਂ ਵੀ ਇਸ ਪੁਲ ਦਾ ਇੱਕ ਹਿੱਸਾ ਢਹਿ ਗਿਆ ਸੀ। ਇਹ ਮੁੱਖ ਮੰਤਰੀ ਦੇ ਡਰੀਮ ਪ੍ਰੋਜੈਕਟ ਵਿੱਚ ਸ਼ਾਮਲ ਹੈ।
ਦੱਸ ਦਈਏ ਕਿ ਪਿਛਲੇ ਸਾਲ 27 ਅਪ੍ਰੈਲ ਨੂੰ ਵੀ ਇਸ ਨਿਰਮਾਣ ਅਧੀਨ ਪੁਲ ਦਾ ਸੁਪਰ ਸਟ੍ਰਕਚਰ ਨਦੀ ਵਿੱਚ ਡਿੱਗ ਗਿਆ ਸੀ। ਤੇਜ਼ ਤੂਫਾਨ ਅਤੇ ਬਾਰਿਸ਼ ‘ਚ ਕਰੀਬ 100 ਫੁੱਟ ਲੰਬਾ ਹਿੱਸਾ ਜ਼ਮੀਨ ‘ਤੇ ਡਿੱਗ ਗਿਆ। ਇਸ ਤੋਂ ਬਾਅਦ ਪੁਲ ਬਣਾਉਣ ਦਾ ਕੰਮ ਮੁੜ ਸ਼ੁਰੂ ਹੋ ਗਿਆ। ਇਸ ਵਾਰ ਸੁਪਰ ਸਟਰਕਚਰ ਦਾ ਕਰੀਬ 80 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ। ਇੱਥੇ ਹੀ ਬੱਸ ਨਹੀਂ, ਪਹੁੰਚ ਸੜਕ ਦਾ ਕੰਮ ਵੀ 45 ਫੀਸਦੀ ਮੁਕੰਮਲ ਹੋ ਗਿਆ ਸੀ ਪਰ ਪੁਲ ਦੇ ਟੁੱਟਣ ਕਾਰਨ ਇਸ ਪ੍ਰਾਜੈਕਟ ’ਤੇ ਸਵਾਲ ਖੜ੍ਹੇ ਹੋ ਗਏ ਹਨ।












