
ਪਟਿਆਲਾ (ਦ ਸਟੈਲਰ ਨਿਊਜ਼)। ਕਪੂਰਥਲਾ ਵਿਖੇ 28 ਤੋਂ 30 ਜੁਲਾਈ ਤੱਕ ਹੋਈ ਸਬ ਜੂਨੀਅਰ, ਕੈਡਿਟ ਅਤੇ ਜੂਨੀਅਰ ਪੰਜਾਬ ਤਾਈ ਕਮਾਂਡੋ ਚੈਪੀਅਨਸ਼ਿਪ ਵਿੱਚ ਪਟਿਆਲਾ ਜ਼ਿਲ੍ਹੇ ਦੇ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 3 ਸੋਨ ਤਗਮੇ, 4 ਚਾਂਦੀ ਅਤੇ 1 ਕਾਂਸੀ ਦੇ ਤਗਮੇ ਜਿੱਤੇ ਗਏ ਹਨ।

ਅੱਜ ਜੇਤੂ ਖਿਡਾਰੀਆਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੁਬਾਰਕਬਾਦ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਸਬ ਜੂਨੀਅਰ ਤੇ ਜੂਨੀਅਰ ਖੇਡਾਂ ਵਿੱਚ ਖਿਡਾਰੀਆਂ ਵੱਲੋਂ ਦਿਖਾਇਆ ਗਿਆ ਸ਼ਾਨਦਾਰ ਪ੍ਰਦਰਸ਼ਨ ਇਨ੍ਹਾਂ ਖਿਡਾਰੀਆਂ ਦੇ ਸੁਨਹਿਰੇ ਭਵਿੱਖ ਲਈ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਛੋਟੀ ਉਮਰ ਵਿੱਚ ਕੀਤੀਆਂ ਪ੍ਰਾਪਤੀਆਂ ਆਤਮ ਵਿਸ਼ਵਾਸ ਵਧਾਉਣ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ।
ਇਸ ਮੌਕੇ ਖਿਡਾਰੀਆਂ ਦੇ ਕੋਚ ਰਾਜੇਸ਼ ਚੌਹਾਨ ਨੇ ਦੱਸਿਆ ਕਿ ਖੇਡਾਂ ਵਿੱਚ ਪ੍ਰਾਸ਼ੂ ਰਾਜ, ਕੁਲਜਸ ਸਿੰਘ ਨਾਰੰਗ ਤੇ ਤਰੀਦੀਪ ਸ਼ਰਮਾ ਨੇ ਸੋਨ ਤਗਮਾ, ਦੇਵੇਸ਼ ਗੋਇਲ, ਦੀਪਾਸ਼ੀ, ਪ੍ਰਤੀਕ ਅਤੇ ਰੀਤਾ ਨੇ ਚਾਂਦੀ ਅਤੇ ਈਸ਼ਰਤ ਕੌਰ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ।












