ਮਹਿਲਾ ਦਾ ਪਰਸ ਖੋਹ ਕੇ ਭੱਜਣ ਲੱਗਾ ਲੁਟੇਰਾ ਕਾਬੂ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸਥਾਨਕ ਰੇਲਵੇ ਰੋਡ ਕਪੂਰਥਲਾ ’ਤੇ ਜਾ ਰਹੀ ਇਕ ਮਹਿਲਾ ਦਾ ਪਰਸ ਖੋਹ ਕੇ ਦੌੜ ਰਹੇ ਦੋ ਮੋਟਰ ਸਾਈਕਲ ਸਵਾਰ ਲੁਟੇਰਿਆਂ ਵਿਚੋਂ ਥਾਣਾ ਸਿਟੀ ਅਰਬਨ ਅਸਟੇਟ ਦੀ ਪੁਲਿਸ ਨੇ 1 ਲੁਟੇਰੇ ਨੂੰ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਬੂ ਕੀਤੇ ਗਿਆ ਲੁਟੇਰਾ ਨਾਬਾਲਗ ਦੱਸਿਆ ਜਾ ਰਿਹਾ ਹੈ ਅਤੇ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮੁਹੱਬਤ ਨਗਰ ਵਾਸੀ ਮਹਿਲਾ ਸ਼ਸ਼ੀ ਬਾਲਾ ਪਤਨੀ ਰਮੇਸ਼ ਕੁਮਾਰ ਆਪਣੇ ਘਰ ਤੋਂ ਦਾਣਾ ਮੰਡੀ ਦੁਕਾਨ ’ਤੇ ਜਾ ਰਹੀ ਸੀ ਜਦੋਂ ਉਹ ਰੇਲਵੇ ਰੋਡ ’ਤੇ ਪੈਂਦੀ ਇਕ ਕੁੱਕਰ ਫੈਕਟਰੀ ਦੇ ਨਜ਼ਦੀਕ ਪੁੱਜੀ ਤਾਂ ਦੋ ਮੋਟਰ ਸਾਈਕਲ ਸਵਾਰ ਲੁਟੇਰਿਆਂ ਵੱਲੋਂ ਉਸਦਾ ਪਰਸ ਖੋਹ ਲਿਆ ਗਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਪੀੜਤ ਮਹਿਲਾ ਨੇ ਦੱਸਿਆ ਕਿ ਉਸਦੇ ਪਰਸ ਵਿਚ 16 ਹਜ਼ਾਰ ਰੁਪਏ ਨਗਦੀ, ਘਰ ਦੀਆਂ ਚਾਬੀਆਂ ਅਤੇ ਇਕ ਮੋਬਾਇਲ ਫੋਨ ਸੀ।

Advertisements

ਥਾਣਾ ਸਿਟੀ ਪੁਲਿਸ ਵੱਲੋਂ ਮਹਿਲਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਦੇ ਹੋਏ ਆਸ ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਚੈੱਕ ਕੀਤਾ ਅਤੇ ਲੁਟੇਰਿਆਂ ਦੀ ਪਹਿਚਾਣ ਕਰਦੇ ਹੋਏ 1 ਲੁਟੇਰੇ ਨੂੰ ਕਾਬੂ ਕੀਤਾ ਹੈ। ਐਸ.ਐਚ.ਓ. ਕੇਵਲ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਸ਼ਰਨ ਪੁੱਤਰ ਹੈਪੀ ਵਜੋਂ ਹੋਈ ਹੈ ਜਿਸ ਦੀ ਉਮਰ 17 ਸਾਲ ਹੈ ਅਤੇ ਦੂਜੇ ਦੀ ਪਹਿਚਾਣ ਵਿਪਨ ਪੁੱਤਰ ਬੀਨਾ ਦੇ ਤੌਰ ’ਤੇ ਹੋਈ ਹੈ ਅਤੇ ਦੋਵੇਂ ਹੀ ਨਵੇਂ ਪਿੰਡ ਭੱਠੇ ਦੇ ਰਹਿਣ ਵਾਲੇ ਹਨ। ਐਸ.ਐਚ.ਓ. ਕੇਵਲ ਸਿੰਘ ਨੇ ਕਿਹਾ ਕਿ ਕਾਬੂ ਕੀਤੇ ਗਏ ਲੁਟੇਰੇ ਪਾਸੋਂ ਮਹਿਲਾ ਦਾ ਮੋਬਾਇਲ ਫੋਨ ਬਰਾਮਦ ਕਰ ਲਿਆ ਹੈ ਅਤੇ ਉਸਨੇ ਦੱਸਿਆ ਹੈ ਕਿ ਜੋ 16 ਹਜ਼ਾਰ ਰੁਪਏ ਨਗਦੀ ਸੀ ਉਹ ਵਿਪਨ ਦੇ ਕੋਲ ਹੈ ਜਿਸਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here