
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੀ.ਪੀ.ਆਈ. ਪੰਜਾਬ ਰਾਜ ਕਮੇਟੀ ਦੇ ਫੈਸਲੇ ਤੇ ਅਮਲ ਕਰਦਿਆਂ ਅੱਜ ਮਿਨੀ ਸੱਕਤਰੇਤ ਹੁਸ਼ਿਆਰਪੁਰ ਅੱਗੇ ਸਾਥੀਆਂ ਨੇ ਭਰਵਾਂ ਇਕੱਠ ਕਰਕੇ ਜ਼ੋਰਦਾਰ ਨਾਰੇਬਾਜ਼ੀ ਕੀਤੀ ਤੇ ਜ਼ਿਲ੍ਹਾ ਸਕੱਤਰ ਸਾਥੀ ਗੁਰਨੇਕ ਸਿੰਘ ਭੱਜਲ ਨੇ ਮੰਗ ਪੱਤਰ ਪੜ੍ਹ ਕੇ ਸਾਥੀਆਂ ਨੂੰ ਸੁਣਾਇਆ ਜਿਸ ਵਿੱਚ ਮੰਗ ਕੀਤੀ ਗਈ ਕਿ ਪੰਜਾਬ ਅੰਦਰ ਦਰਿਆਵਾਂ ਰਾਹੀਂ ਹਰ ਸਾਲ ਹੁੰਦੇ ਨੁਕਸਾਨ ਨੂੰ ਰੋਕਣ ਵਾਸਤੇ ਅਗਾਊਂ ਪ੍ਰਬੰਧ ਕੀਤੇ ਜਾਣ ਅਤੇ ਨਹਿਰੀ ਰਜਵਾਹੇ ਜੋ ਕਿ ਪੱਕੇ ਕੀਤੇ ਜਾ ਰਹੇ ਹਨ, ਉਹਨਾਂ ਦੇ ਧਰਾਤਲ ਹੇਠਲਾ ਪੱਕੇ ਨਾ ਕੀਤੇ ਜਾਣ ਤਾਂ ਕਿ ਪਾਣੀ ਧਰਤੀ ਵਿੱਚ ਜਾਂਦਾ ਰਹੇ। ਉਹਨਾਂ ਨੇ ਮੰਗ ਕੀਤੀ ਕਿ ਕੰਢੀ ਕੈਨਾਲ ਕੰਢੀ ਇਲਾਕੇ ਦੇ ਕਿਸਾਨਾਂ ਲਈ ਖੇਤੀਬਾੜੀ ਨੂੰ ਪ੍ਰਫੁਲਤ ਕਰਨ ਲਈ ਕੱਢੀ ਗਈ ਸੀ। ਪਰ ਦੁੱਖ ਦੀ ਗੱਲ ਹੈ ਕਿ ਸਾਰੇ ਨਿਯਮ ਛਿੱਕੇ ਟੰਗ ਕੇ ਇਸ ਦਾ ਪਾਣੀ ਕੁਆਂਟਮ ਪੇਪਰਜ਼ ਲਿਮਟਿਡ ਸੈਲਾ ਖੁਰਦ ਹੁਸ਼ਿਆਰਪੁਰ ਨੂੰ ਕਮਰਸ਼ੀਅਲ ਵਰਤੋਂ ਲਈ ਦਿੱਤਾ ਜਾ ਰਿਹਾ ਹੈ, ਜੋ ਕਿ ਇਕ ਕਿਸਾਨ ਵਿਰੋਧੀ ਕਦਮ ਹੈ।

ਮਿਲ ਨੂੰ ਪਾਣੀ ਦੇਣਾ ਤੁਰੰਤ ਬੰਦ ਕੀਤਾ ਜਾਵੇ ਅਤੇ ਕੰਢੀ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਪਾਣੀ ਦੇਣ ਦਾ ਮੁਕੰਮਲ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਸਾਥੀ ਗੁਰਨੇਕ ਸਿੰਘ ਭੱਜਲ, ਦਰਸ਼ਨ ਸਿੰਘ ਮੱਟੂ, ਗੁਰਮੇਸ਼ ਸਿੰਘ, ਆਸ਼ਾ ਨੰਦ, ਮਹਿੰਦਰ ਕੁਮਾਰ ਬੱਢੋਆਣ, ਰਣਜੀਤ ਸਿੰਘ ਚੌਹਾਨ, ਹਰਬੰਸ ਸਿੰਘ ਧੂਤ, ਨੀਲਮ ਰਾਣੀ, ਹਰਭਜਨ ਸਿੰਘ ਅਟਵਾਲ ਅਤੇ ਗੁਰਬਖਸ਼ ਸਿੰਘ ਸੂਸ ਆਦਿ ਸਾਥੀਆਂ ਨੇ ਏ.ਡੀ.ਸੀ. ਰਾਹੁਲ ਚਾਬਾ ਨੂੰ ਮੰਗ ਪੱਤਰ ਦਿੰਦਿਆਂ ਉਹਨਾਂ ਨੂੰ ਕਿਹਾ ਕਿ ਆਪਣੀ ਪੁਰਜ਼ੋਰ ਸਿਫਾਰਸ਼ ਕਰਦਿਆਂ ਹੋਇਆਂ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਜਾਵੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਾਥੀ ਬਲਵਿੰਦਰ ਸਿੰਘ, ਅਜੀਤ ਸਿੰਘ ਲਾਲੋਵਾਲ, ਪਰਸਨ ਸਿੰਘ ਲਹਿਲੀ, ਸ਼ੇਰ ਜੰਗ ਬਹਾਦਰ, ਪ੍ਰੇਮ ਰਾਣਾ, ਚਮਨ ਲਾਲ, ਪੰਕਜ ਠਾਕੁਰ ਅਤੇ ਵਿਜੈ ਸਿੰਘ ਪੋਤਾ ਆਦਿ ਵੀ ਹਾਜ਼ਰ ਸਨ।












