
ਫਾਜ਼ਿਲਕਾ (ਦ ਸਟੈਲਰ ਨਿਊਜ਼)। ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਖਜਲ-ਖੁਆਰੀ ਰਹਿਤ ਪ੍ਰਸ਼ਾਸਨ ਦੇਣ ਲਈ ਮੁੱਖ ਮੰਤਰੀ ਸਹਾਇਤਾ ਕੇਂਦਰ (ਸੀ.ਐਮ. ਵਿੰਡੋ) ਸਥਾਪਿਤ ਕੀਤੇ ਗਏ ਹਨ ਜਿਸ ਤੇ ਵੱਖ-ਵੱਖ ਵਿਭਾਗਾਂ ਵੱਲੋਂ ਇਕੋ ਥਾਈ ਬੈਠ ਕੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਵਿਖੇ ਸਥਿਤ ਮੁੱਖ ਮੰਤਰੀ ਸਹਾਇਤਾ ਕੇਂਦਰ (ਸੀ.ਐਮ. ਵਿੰਡੋ) ਦਾ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਖੁਦ ਸਮੀਖਿਆ ਕਰ ਰਹੇ ਹਨ ਤੇ ਸਮੱਸਿਆਵਾਂ ਦਾ ਨਾਲ ਦੀ ਨਾਲ ਨਿਪਟਾਰਾ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸੁਖਾਵੇ ਮਾਹੌਲ ਵਿਚ ਸੁਵਿਧਾਵਾਂ ਦੇਣ ਹਿਤ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਖਜਲ-ਖੁਆਰੀ ਘਟਾਉਂਦਿਆਂ ਵੱਖ-ਵੱਖ ਦਫਤਰਾਂ ਵਿਖੇ ਜਾਣ ਦੀ ਬਜਾਏ ਇਕੋ ਥਾਈ ਸੀ.ਐਮ. ਵਿੰਡੋ ਸਥਾਪਿਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਦਾ ਨਾਲੋ-ਨਾਲ ਨਿਪਟਾਰਾ ਕੀਤਾ ਜਾ ਰਿਹਾ ਹੈ ਤੇ ਹੇਠਲੇ ਪੱਧਰ ਤੇ ਹਲ ਨਾ ਹੋਣ ਵਾਲੀ ਦਰਖਾਸਤ ਨੂੰ ਉਚ ਅਧਿਕਾਰੀਆਂ ਨੂੰ ਭੇੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਆਉਣ ਵਾਲੇ ਲੋਕਾਂ ਨਾਲ ਮਿਲ ਰਹੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ ਤੇ ਲਾਭਪਾਤਰੀ ਕਾਪੀ ਨਾਲ ਸਬੰਧਤ, ਸ਼ਗਨ ਸਕੀਮ, ਰੋਜਗਾਰ ਵਿਭਾਗ ਆਦਿ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੁੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਤੈਅ ਸਮੇਂ ਅੰਦਰ ਪ੍ਰਾਪਤ ਦਰਖਾਸਤਾਂ ਦਾ ਨਿਪਟਾਰਾ ਕੀਤਾ ਜਾਵੇ, ਕੰਮ ਹੋ ਚੁਕਿਆ ਹੈ ਜਾਂ ਨਹੀਂ ਹੋਇਆ ਹੈ, ਨਹੀ ਹੋਇਆ ਤਾਂ ਕਿਉ ਨਹੀਂ ਹੋਇਆ ਮੁਕੰਮਲ ਰਿਕਾਰਡ ਰੱਖਿਆ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਪੋਪਲੀ ਤੋਂ ਇਲਾਵਾ ਹੋਰ ਅਧਿਕਾਰੀ ਤੇ ਸਟਾਫ ਮੌਜੂਦ ਸੀ।











