
ਤਰਨਤਾਰਨ (ਦ ਸਟੈਲਰ ਨਿਊਜ਼)। ਤਰਨਤਾਰਨ ਵਿੱਚ ਸ਼ਿਵਸੈਨਾ ਬਾਲ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ ਦੇ ਘਰ ਤੇ ਗੋਲੀਆਂ ਚਲਾਉਣ ਦੇ ਮਾਮਲੇ ਨੂੰ ਤਰਨਤਾਰਨ ਪੁਲਿਸ ਨੇ ਸੁਲਝਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਵਧਾਉਣ ਲਈ ਕੁੱਕੂ ਨੇ ਖ਼ੁਦ ਹੀ ਆਪਣੇ ਘਰ ਤੇ ਗੋਲੀਆਂ ਚਲਾਈਆਂ ਸਨ। ਪੁਲਿਸ ਪਹਿਲੇ ਦਿਨ ਤੋਂ ਹੀ ਇਸ ਮਾਮਲੇ ਨੂੰ ਸ਼ੱਕੀ ਮੰਨ ਰਹੀ ਸੀ ਤੇ ਜਾਂਚ ਦੌਰਾਨ ਖ਼ੁਲਾਸਾ ਹੋਣ ਤੋਂ ਬਾਅਦ ਪੁਲਿਸ ਨੇ ਕੁੱਕੂ ਤੇ ਸ਼ਹਿਰੀ ਪ੍ਰਧਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਦਿੰਦੇ ਐਸਐਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਅਸ਼ਵਨੀ ਕੁੱਕੂ ਨੇ 9 ਜਨਵਰੀ ਨੂੰ ਆਪਣੇ ਘਰ ਤੇ ਅਣਪਛਾਤਿਆਂ ਵੱਲੋਂ ਗੋਲੀ ਚਲਾਉਣ ਦੀ ਸ਼ਿਕਾਇਤ ਕੀਤੀ ਸੀ। ਜਿਸਦੇ ਚੱਲਦਿਆਂ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਫੌਰੈਂਸਿਕ ਟੀਮਾਂ ਵੱਲੋਂ ਗੋਲੀਆਂ ਦੇ ਨਿਸ਼ਾਨ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਕੁੱਕੂ ਨੇ ਖ਼ੁਦ ਹੀ ਸ਼ਹਿਰੀ ਪ੍ਰਧਾਨ ਅਵਨਜੀਤ ਸਿੰਘ ਦੇ ਰਿਵਾਲਵਰ ਨਾਲ ਆਪਣੇ ਘਰ ਤੇ ਗੋਲੀਆਂ ਚਲਾਈਆਂ ਸਨ। ਫਿਲਹਾਲ ਪੁਲਿਸ ਵੱਲੋਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।












