
ਫਾਜ਼ਿਲਕਾ (ਦ ਸਟੈਲਰ ਨਿਊਜ਼)। ਸੜਕੀ ਦੁਰਘਟਨਾਂਵਾਂ ਦੀ ਰੋਕਥਾਮ ਦੇ ਮੱਦੇਨਜਰ ਮਨਾਏ ਜਾ ਰਹੇ ਕੌਮੀ ਸੜਕ ਸੁਰੱਖਿਆ ਮਹੀਨਾ ਤਹਿਤ ਰੀਜਨਲ ਟਰਾਂਸਪੋਰਟ ਅਫਸਰ ਸ. ਗੁਰਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਟਰਾਂਸਪੋਰਟ, ਟ੍ਰੈਫਿਕ ਅਤੇ ਸਿਹਤ ਵਿਭਾਗ ਵੱਲੋਂ ਮਿਲਕੇ ਇਥੋਂ ਦੇ ਸਥਾਨਕ ਬੱਸ ਸਟੈਂਡ ਵਿਖੇ ਅੱਖਾਂ ਦਾ ਮੁਫਤ ਚੈਕਅਪ ਕੈਂਪ ਲਗਾਇਆ ਗਿਆ। ਇਸ ਮੌਕੇ 29 ਵਾਹਨ ਚਾਲਕਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਟਰਾਂਸਪੋਰਟ ਵਿਭਾਗ ਦੇ ਨੁਮਾਇੰਦੇ ਸੰਜੇ ਸ਼ਰਮਾ ਅਤੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਪਰਮਜੀਤ ਸਿੰਘ ਨੇ ਕਿਹਾ ਕਿ ਆਮ ਲੋਕਾਂ ਨੂੰ ਸੈਮੀਨਾਂਰਾਂ ਰਾਹੀਂ ਜਾਗਰੂਕਤਾ ਪ੍ਰਦਾਨ ਕਰਨ ਦੇ ਨਾਲ-ਨਾਲ ਵੱਖ-ਵੱਖ ਗਤੀਵਿਧੀਆਂ ਰਾਹੀਂ ਵੀ ਸੜਕੀ ਨਿਯਮਾਂ ਦੀ ਪਾਲਣਾ ਪ੍ਰਤੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵਾਹਨਾਂ ਚਾਲਕਾਂ ਨੂੰ ਸਿਹਤ ਪੱਖੋਂ ਤੰਦਰੁਸਤ ਰਹਿ ਕੇ ਹੀ ਵਹੀਕਲ ਨੂੰ ਵਰਤੋਂ ਵਿਚ ਲਿਆਉਣ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਅੱਖਾਂ ਦੇ ਜਾਂਚ ਕੈਂਪ ਦੌਰਾਨ ਓਥੈਲਮਿਕ ਅਫਸਰ ਅਰਸ਼ਿਤਾ ਨੇ ਬਸਾਂ ਤੇ ਵਹੀਕਲ ਚਲਾਉਣ ਵਾਲਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਲੋੜੀਂਦੀਆਂ ਸਲਾਹ ਦਿੱਤੀਆਂ।

ਉਨ੍ਹਾਂ ਕਿਹਾ ਕਿ ਰੋਜਾਨਾ ਵਹੀਕਲ ਚਲਾਉਣ ਵਾਲਿਆਂ ਨੂੰ ਨਿਯਮਿਤ ਅੰਤਰਾਲ ਸਮੇਂ ਵਿਚ ਆਪਣੀਆਂ ਅੱਖਾਂ ਦਾ ਚੈਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਹੋ ਸਕੇ ਅੱਖਾਂ ਦਾ ਧਿਆਨ ਰੱਖਿਆ ਜਾਵੇ ਅਤੇ ਆਪਦੇ ਖੁਦ ਤੇ ਸਾਹਮਣੇ ਵਾਲੇ ਦੀ ਸੁਰਖਿਆ ਨੂੰ ਯਕੀਨੀ ਬਣਾਉਣ ਲਈ ਡਾਕਟਰੀ ਸਲਾਹ ਅਨੁਸਾਰ ਵਹੀਕਲ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਹੀਕਲ ਚਲਾਉਣ ਸਮੇਂ ਸਾਨੂੰ ਸਰੀਰਕ ਤੌਰ ਤੇ ਵੀ ਫਿਟ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਖਾਂ ਦੀ ਰੋਸ਼ਨੀ ਘੱਟ ਹੈ ਤਾਂ ਵਹੀਕਲ ਚਲਾਉਣ ਤੋਂ ਪਰਹੇਜ ਕੀਤਾ ਜਾਵੇ ਤਾਂ ਜੋ ਕਿਸੇ ਵੀ ਅਣਗਹਿਲੀ ਕਾਰਨ ਦੁਰਘਟਨਾ ਦਾ ਸ਼ਿਕਾਰ ਨਾ ਬਣਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਠੀਕ ਢੰਗ ਨਾਲ ਦੇਖ ਨਹੀਂ ਪਾਵਾਂਗੇ ਤਾਂ ਖੁਦ ਦੇ ਨਾਲ-ਨਾਲ ਕਿਸੇ ਹੋਰ ਦੀ ਜਾਨ ਨੂੰ ਵੀ ਖਤਰੇ ਵਿਚ ਪਾਵਾਂਗੇ, ਇਸ ਕਰਕੇ ਸਿਹਤ ਪਖੋਂ ਠੀਕ ਰਹਿ ਕੇ ਹੀ ਸੜਕਾਂ ਤੇ ਚਲਿਆ ਜਾਵੇ। ਇਸ ਮੌਕੇ ਹੋਰ ਸਟਾਫ ਮੌਜੂਦ ਸੀ।












