
ਹਰਿਆਣਾ (ਦ ਸਟੈਲਰ ਨਿਊਜ਼)। ਹਰਿਆਣਾ ਦੇ ਇਲਾਕੇ ਅੰਬਾਲਾ ਦੇ ਨਰਾਇਣਗੜ੍ਹ ਵਿੱਚ ਬਸਪਾ ਨੇਤਾ ਹਰਬਿਲਾਸ ਰੱਜੂਮਾਜਰਾ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਸ਼ਾਮ 3-4 ਨਕਾਬਪੋਸ਼ ਬਦਮਾਸ਼ ਕਾਰ ਵਿੱਚ ਸਵਾਰ ਹੋ ਕੇ ਆਏ ਤੇ ਉਹਨਾਂ ਨੇ ਹਰਬਿਲਾਸ਼ ਦੀ ਕਾਰ ਨੂੰ ਓਵਰਟੇਕ ਕੀਤਾ ਅਤੇ ਉਸਨੂੰ ਰੋਕ ਲਿਆ ਅਤੇ ਦੋਵਾਂ ਪਾਸਿਆਂ ਤੋਂ ਕਾਰ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ਤੋਂ ਬਚਣ ਲਈ ਹਰਬਿਲਾਸ ਅਤੇ ਉਸਦੇ ਸਾਥੀ ਕਾਰ ਵਿੱਚੋਂ ਉਤਰ ਕੇ ਭੱਜ ਰਹੇ ਸਨ ਤਾਂ ਹਮਲਾਵਰਾਂ ਨੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਸਨੂੰ ਦੁਕਾਨ ਦੀਆਂ ਪੌੜੀਆਂ ਤੇ ਸੁੱਟ ਦਿੱਤਾ ਤੇ ਉਸਦੀ ਛਾਤੀ ਵਿੱਚ ਪੰਜ ਗੋਲੀਆਂ ਮਾਰ ਦਿੱਤੀਆਂ।

ਇਸ ਦੌਰਾਨ ਹਰਬਿਲਾਸ ਦੇ ਦੋਸਤ ਚੁਨੂੰ ਡਾਂਗ, ਜੋ ਉਸ ਦੇ ਨਾਲ ਮੌਜੂਦ ਸੀ, ਉਸਨੂੰ ਵੀ ਗੋਲੀ ਲੱਗ ਗਈ। ਜਦਕਿ, ਉਸਦਾ ਤੀਜਾ ਸਾਥੀ ਗੁੱਗਲ ਪੰਡਿਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੇ ਕਿ ਇਲਾਜ਼ ਦੌਰਾਨ ਹਰਬਿਲਾਸ਼ ਦੀ ਮੌਤ ਹੋ ਗਈ ਤੇ ਉਸਦੇ ਸਾਥੀ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ।












