
ਮੋਗਾ (ਦ ਸਟੈਲਰ ਨਿਊਜ਼)। ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਮਾਹਲ ਵਿਖੇ ਪੰਜ ਬਦਮਾਸ਼ਾਂ ਵੱਲੋਂ ਇੱਕ ਕਾਰ ਦੀ ਲੁੱਟ ਕੀਤੀ ਗਈ ਸੀ ਅਤੇ ਉਸੇ ਦਿਨ ਮੁਦਕੀ ਕੋਲੋਂ ਇੱਕ ਆੜਤੀ ਤੋਂ ਤਿੰਨ ਲੱਖ ਰੁਪਏ ਦੀ ਲੁੱਟ ਕੀਤੀ ਅਤੇ ਉਸ ਤੋਂ 10 ਦਿਨ ਪਹਿਲਾਂ ਇੱਕ ਪੈਟਰੋਲ ਪੰਪ ਤੋਂ 10 ਹਜ਼ਾਰ ਰੁਪਏ ਦੀ ਲੁੱਟ ਕੀਤੀ ਗਈ ਸੀ। ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇਨ੍ਹਾਂ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਇਨ੍ਹਾਂ ਪੰਜ ਬਦਮਾਸ਼ਾਂ ਨੇ ਪੁਲਿਸ ਉੱਪਰ ਗੋਲੀਆਂ ਚਲਾ ਦਿੱਤੀਆਂ ਅਤੇ ਭੱਜਣ ਦੀ ਕੋਸ਼ਿਸ਼ ਕੀਤੀ।

ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਆਂ ਚਲਾਈਆਂ ਗਈਆਂ, ਤਾਂ ਦੋ ਬਦਮਾਸ਼ ਜ਼ਖਮੀ ਹੋ ਗਏ ਅਤੇ ਜਖਮੀਆਂ ਸਣੇ ਤਿੰਨ ਮੁਲਜ਼ਮ ਮੌਕੇ ਉੱਤੇ ਕੀਤੇ ਗ੍ਰਿਫਤਾਰ ਕੀਤੇ ਗਏ। ਇੱਕ ਬਦਮਾਸ਼ ਦੇ ਪੱਟ ਵਿੱਚ ਗੋਲੀ ਲੱਗੀ ਤੇ ਦੂਜੇ ਦੀ ਲੱਤ ਉੱਤੇ ਗੋਲੀ ਲੱਗੀ ਹੈ। ਦੋਨਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ। ਇਸ ਮੌਕੇ ਉੱਤੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੋਗਾ ਅਜੇ ਗਾਂਧੀ ਨੇ ਕਿਹਾ ਕਿ ਬਦਮਾਸ਼ਾਂ ਵੱਲੋਂ ਮੋਗਾ ਜ਼ਿਲ੍ਹਾ ਵਿੱਚ ਲੁੱਟਾਂ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੇ ਚੱਲਦੇ ਪੁਲਿਸ ਨੂੰ ਇਨ੍ਹਾਂ ਬਾਰੇ ਸੂਚਨਾ ਮਿਲੀ ਸੀ ਕਿ ਇਹ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ।












