
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਹਲਕਾ ਗੜਸ਼ੰਕਰ ਦੇ ਨੀਮ ਪਹਾੜੀ ਇਲਾਕੇ ਬੀਤ ਦੇ ਪਿੰਡ ਭਵਾਨੀਪੁਰ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਕਾਤਲ ਲਾਸ਼ ਅੱਡਾ ਝੁੰਗੀਆਂ ਕੋਲ ਸੁੱਟ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਮਨਜੀਤ ਸਿੰਘ ਉਰਫ ਗਨੀ (27) ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਭਵਾਨੀਪੁਰ ਮਜਾਰੀ ਆਪਣੇ ਦੋਸਤ ਸੂਰਜ ਨਿਵਾਸੀ ਪਿੰਡ ਅਚਲਪੁਰ ਨਾਲ ਆਪਣੇ ਪਿੰਡ ਸੜਕ ਕਿਨਾਰੇ ਖੜ੍ਹਾ ਸੀ। ਇੰਨੇ ਨੂੰ ਚਿੱਟੀ ਸਕਾਰਪੀਓ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਲੈੱਸ ਪੰਜ-ਛੇ ਨੌਜਵਾਨ ਆਏ ਅਤੇ ਮਨਜੀਤ ਸਿੰਘ ਗਨੀ ਨੂੰ ਜ਼ਬਰਦਸਤੀ ਗੱਡੀ ਵਿੱਚ ਸੁੱਟ ਕੇ ਝੁੰਗੀਆਂ ਅੱਡੇ ਵੱਲ ਲੈ ਗਏ। ਕਰੀਬ ਦੋ ਘੰਟਿਆਂ ਬਾਅਦ ਨੌਜਵਾਨ ਗਨੀ ਨੂੰ ਜ਼ਖ਼ਮੀ ਹਾਲਤ ਵਿੱਚ ਅੱਡਾ ਝੁੰਗੀਆਂ ਵਿੱਚ ਬੀਣੇਵਾਲ ਮੇਨ ਰੋਡ ’ਤੇ ਸੁੱਟ ਕੇ ਫਰਾਰ ਹੋ ਗਏ।

ਘਟਨਾ ਦਾ ਪਤਾ ਲੱਗਣ ’ਤੇ ਗਨੀ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਪਹੁੰਚਣ ਤੋਂ ਪਹਿਲਾ ਹੀ ਰਸਤੇ ਵਿੱਚ ਉਸ ਨੇ ਦਮ ਤੋੜ ਦਿੱਤਾ। ਡਾਕਟਰਾਂ ਮੁਤਾਬਕ ਮ੍ਰਿਤਕ ਦੇ ਸਿਰ ਅਤੇ ਖੱਬੇ ਪਾਸੇ ਕੰਨ ਕੋਲ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਹਨ ਤੇ ਦੋਵਾਂ ਲੱਤਾਂ ਉੱਤੇ ਸੱਟਾਂ ਦੇ ਨਿਸ਼ਾਨ ਹਨ। ਇਲਾਕਾ ਵਾਸੀਆਂ ਅਨੁਸਾਰ ਇਹ ਮਾਮਲਾ ਰੰਜਿਸ਼ ਨਾਲ ਸਬੰਧਤ ਹੈ। ਗਨੀ ਕੁਝ ਮਹੀਨੇ ਪਹਿਲਾਂ ਹੀ ਕੁੱਟਮਾਰ ਦੇ ਮਾਮਲੇ ਵਿੱਚ ਜ਼ਮਾਨਤ ’ਤੇ ਆਇਆ ਸੀ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।












