
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 19 ਅਕਤੂਬਰ : ਰਾਜ ਦੇ ਮੁੱਖ ਚੋਣ ਅਫ਼ਸਰ ਦੀਆਂ ਹਦਾਇਤਾਂ ’ਤੇ ਜ਼ਿਲ੍ਹੇ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ-2026 ਤਹਿਤ 25 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸਮੂਹ ਪੋਲਿੰਗ ਬੂਥਾਂ ’ਤੇ ਬੂਥ ਲੈਵਲ ਅਫ਼ਸਰਾਂ ਵਲੋਂ ਵਿਸ਼ੇਸ਼ ਕੈਂਪ ਲਾਏ ਜਾਣਗੇ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਇਸ ਸਬੰਧੀ ਦੱਸਿਆ ਕਿ ਵਿਸ਼ੇਸ਼ ਸਰਸਰੀ ਸੁਧਾਈ-2026 ਤਹਿਤ 25 ਅਕਤੂਬਰ ਨੂੰ ਬੀ.ਐਲ.ਓਜ਼ ਵਿਸ਼ੇਸ਼ ਕੈਂਪ ਲਾਉਣਗੇ ਅਤੇ ਅਗਲੇ 10 ਦਿਨਾਂ ਤੱਕ ਵਿਧਾਨ ਸਭਾ ਹਲਕਾ ਪੱਧਰ ’ਤੇ ਵੋਟਰਾਂ ਨੂੰ ਆਪਣੀ ਵੋਟ ਦੇਖਣ ਲਈ ਹੈਲਪਡੈਸਕ ਸਥਾਪਿਤ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਬੀ.ਐਲ.ਓਜ਼ ਸੁਪਰਵਾਈਜ਼ਰ ਵੀ ਬੂਥ ਲੈਵਲ ਅਧਿਕਾਰੀਆਂ ਦਾ ਸਹਿਯੋਗ ਕਰਨਗੇ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜਾਂ ਦੀ ਮੁਕੰਮਲ ਰਿਪੋਰਟ ਉਸੇ ਦਿਨ ਜ਼ਿਲ੍ਹਾ ਚੋਣ ਦਫ਼ਤਰ ਨੂੰ ਭੇਜੀ ਜਾਵੇਗੀ। ਜ਼ਿਕਰਯੋਗ ਹੈ ਕਿ ਜਿਨ੍ਹਾਂ ਸਕੂਲਾਂ/ਦਫ਼ਤਰਾਂ ਵਿਖੇ ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ ਉਥੇ ਲੋੜੀਂਦੇ ਇੰਤਜ਼ਾਮ ਯਕੀਨੀ ਬਣਾਉਣ ਦੀਆਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।











