
ਦਿੱਲੀ (ਦ ਸਟੈਲਰ ਨਿਊਜ਼)। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ 6 ਫ਼ਲੈਗ ਸਟਾਫ਼ ਰੋਡ ਸਥਿਤ ਬੰਗਲੇ ਦੀ ਜਾਂਚ ਕੀਤੀ ਜਾਵੇਗੀ। ਇਸ ਸਬੰਧੀ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਨੇ 13 ਫ਼ਰਵਰੀ ਨੂੰ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ 40,000 ਵਰਗ ਗਜ਼ (8 ਏਕੜ) ਵਿੱਚ ਫੈਲੇ ਇਸ ਬੰਗਲੇ ਦੇ ਨਿਰਮਾਣ ਵਿੱਚ ਕਈ ਨਿਯਮਾਂ ਨੂੰ ਤੋੜਿਆ ਗਿਆ ਸੀ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਆਰੋਪ ਲਗਾਇਆ ਸੀ ਕਿ ਬੰਗਲੇ ਦੇ ਨਵੀਨੀਕਰਨ ਵਿੱਚ 45 ਕਰੋੜ ਤੋਂ ਜ਼ਿਆਦਾ ਖ਼ਰਚ ਕੀਤੇ ਗਏ ਹਨ।

ਭਾਜਪਾ ਨੇ ਆਰੋਪ ਲਗਾਇਆ ਹੈ ਕਿ ਕੇਜਰੀਵਾਲ ਨੇ ਮੁਰੱਮਤ ਦੇ ਨਾਂ ਤੇ ਬੰਗਲੇ ਨੂੰ 7 ਸਟਾਰ ਰਿਜ਼ਾਰਟ ਵਿੱਚ ਬਦਲ ਦਿੱਤਾ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਉਪ ਰਾਜਪਾਲ (ਐਲਜੀ) ਵੀਕੇ ਸਕਸੈਨਾ ਨੂੰ ਸ਼ਿਕਾਇਤ ਕੀਤੀ ਸੀ ਕਿ ਕੇਜਰੀਵਾਲ ਦਾ ਬੰਗਲਾ ਚਾਰ ਸਰਕਾਰੀ ਜਾਇਦਾਦਾਂ ਨੂੰ ਗ਼ਲਤ ਤਰੀਕੇ ਨਾਲ ਮਿਲਾ ਕੇ ਬਣਾਇਆ ਗਿਆ ਹੈ। ਇਸ ਪ੍ਰਕਿਰਿਆ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਭਾਜਪਾ ਦੇ ਮੁੱਖ ਮੰਤਰੀ ਸਹੁੰ ਚੁੱਕਣ ਤੋਂ ਬਾਅਦ ਇਸ ਬੰਗਲੇ ਵਿੱਚ ਨਹੀਂ ਰਹਿਣਗੇ।












