
ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਵਿੱਚ ਇੱਕ ਯੂਟਿਊਬਰ ਦੇ ਘਰ ਤੇ ਗ੍ਰਨੇਡ ਸੁੱਟਣ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਫੌਜ ਸਿਪਾਹੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਹਿਚਾਣ ਸੁਖਚਰਨ ਉਰਫ਼ ਨਿੱਕਾ ਉਰਫ਼ ਦੀਪੂ ਉਰਫ਼ ਫ਼ੌਜੀ ਉਮਰ 30 ਸਾਲਾਂ ਵਾਸੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਫੌਜ ਦੇ ਜਵਾਨ ਨੇ ਇੱਕ ਗੈਂਗਸਟਰ ਨੂੰ ਔਨਲਾਈਨ ਬੰਬ ਸੁੱਟਣ ਦੀ ਸਿਖਲਾਈ ਦਿੱਤੀ ਸੀ ਤੇ ਇਹ ਫੌਜ ਦਾ ਸਿਪਾਹੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਸਿਖਲਾਈ ਦੇ ਰਿਹਾ ਸੀ। ਪੰਜਾਬ ਪੁਲਿਸ ਨੇ ਕਿਹਾ ਕਿ ਪਿਛਲੇ ਮਹੀਨੇ ਜਲੰਧਰ ਵਿੱਚ ਇੱਕ ਯੂਟਿਊਬਰ ਦੇ ਘਰ ਤੇ ਗ੍ਰਨੇਡ ਸੁੱਟਣ ਦੀ ਘਟਨਾ ਦੇ ਸਬੰਧ ਵਿੱਚ ਫੌਜ ਦੇ ਜਵਾਨ ਸੁਖਚਰਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜੰਮੂ-ਕਸ਼ਮੀਰ ਵਿੱਚ ਤਾਇਨਾਤ ਇਸ ਸਿਪਾਹੀ ਨੂੰ ਹੈਂਡ ਗ੍ਰਨੇਡ ਸੁੱਟਣ ਦੇ ਇੱਕ ਆਰੋਪੀ ਨੂੰ ਔਨਲਾਈਨ ਸਿਖਲਾਈ ਦੇਣ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਫੌਜ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਸਿਪਾਹੀ ਦੀ ਭੂਮਿਕਾ ਬਾਰੇ ਵੀ ਸੂਚਿਤ ਕਰ ਦਿੱਤਾ ਹੈ। ਜਲੰਧਰ ਦੀ ਅਦਾਲਤ ਨੇ ਨੌਜ਼ਵਾਨ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ, ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਯੂਟਿਊਬਰ ਦੇ ਘਰ ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ, ਜਿਸ ਤੇ ਮੁਸਲਿਮ ਭਾਈਚਾਰੇ ਵਿਰੁੱਧ ਕਥਿਤ ਤੌਰ ਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ। ਇਸ ਘਟਨਾ ਦੇ ਸਬੰਧ ਵਿੱਚ ਹੁਣ ਤੱਕ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।












