
ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਦੇ ਪਿੰਡ ਰੇਗਰਪੁਰਾ ਤੋਂ 26 ਸਾਲਾ ਲੜਕੀ ਦੇ ਭੇਤਭਰੇ ਹਲਾਤਾਂ ਵਿੱਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਪਹਿਚਾਣ ਸੋਨਾਲੀ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਸੋਨਾਲੀ ਦੀ ਭੈਣ ਸੋਨਮ ਨੇ ਦੱਸਿਆ ਕਿ 16 ਅਪ੍ਰੈਲ ਨੂੰ ਸੋਨਾਲੀ ਛੇਹਰਟਾ ਬਾਜ਼ਾਰ ਸਥਿਤ ਆਪਣੇ ਸੈਲੂਨ ਤੋਂ ਵਾਪਸ ਘਰ ਆ ਰਹੀ ਸੀ ਪਰ ਉਹ ਘਰ ਨਹੀਂ ਪਹੁੰਚੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਕਾਫੀ ਦੇਰ ਤੱਕ ਸੋਨਾਲੀ ਘਰ ਨਹੀਂ ਪਰਤੀ ਤੇ ਉਹ ਉਸਦੀ ਭਾਲ ਕਰਨ ਲਈ ਦੁਕਾਨ ਤੇ ਗਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸੋਨਾਲੀ ਰੋਜ਼ਾਨਾ ਦੀ ਤਰ੍ਹਾਂ ਸਮੇਂ ਸਿਰ ਘਰ ਗਈ ਸੀ।

ਜਦੋਂ ਉਨ੍ਹਾਂ ਨੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਸੋਨਾਲੀ ਛੇਹਰਟਾ ਚੌਕ ਤੱਕ ਪੈਦਲ ਜਾਂਦੀ ਦਿਖਾਈ ਦਿੱਤੀ ਪਰ ਉਸ ਤੋਂ ਬਾਅਦ ਉਸਦਾ ਕੋਈ ਸੁਰਾਗ ਨਹੀਂ ਮਿਲਿਆ। ਸੋਨਮ ਨੇ ਦੱਸਿਆ ਕਿ ਸੋਨਾਲੀ ਦਾ ਸੈਲੂਨ ਵਿੱਚ ਕੰਮ ਕਰਨ ਵਾਲੀ ਇੱਕ ਲੜਕੀ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਸੋਨਾਲੀ ਨੇ ਉਸਨੂੰ ਸੈਲੂਨ ਤੋਂ ਬਾਹਰ ਕੱਢ ਦਿੱਤਾ ਸੀ। ਜਦੋਂ ਉਸਦੇ ਫੋਨ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਸੋਨਾਲੀ ਨੂੰ ਉਸੇ ਕੁੜੀ ਦੇ ਘਰੋਂ ਫੋਨ ਆਏ ਸਨ।ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ।












