
ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਨੂਰਵਾਲਾ ਵਿੱਚ ਬੀਤੀ ਰਾਤ ਸ਼ਰਾਬ ਪੀਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕ ਦੀ ਪਹਿਚਾਣ ਰਿੰਕੂ ਉਮਰ 40 ਸਾਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਿੰਕੂ ਸੰਨਿਆਸ ਨਗਰ ਦੇ ਸਰਕਾਰੀ ਸਕੂਲ ਨਜ਼ਦੀਕ ਸਥਿਤ ਇੱਕ ਖ਼ਾਲੀ ਪਲਾਟ ਵਿੱਚ ਸ਼ਰਾਬ ਪੀ ਰਿਹਾ ਸੀ ਤੇ ਉਸਦੇ ਨਾਲ 2 ਹੋਰ ਲੋਕ ਵੀ ਸਨ ਜਿਨ੍ਹਾਂ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ ਹੈ। ਰਿੰਕੂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸ਼ਰਾਬ ਪੀਣ ਤੋਂ ਬਾਅਦ ਤਿੰਨੋਂ ਵਿਅਕਤੀ ਅਚਾਨਕ ਬੇਹੋਸ਼ ਹੋ ਗਏ ਅਤੇ ਉਨ੍ਹਾਂ ਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗੀ।

ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਤਿੰਨਾਂ ਨੂੰ ਇਲਾਜ਼ ਲਈ ਹਸਪਤਾਲ ਦਾਖਲ ਕਰਵਾਇਆ ਜਿੱਥੇ ਕਿ ਇਲਾਜ ਦੌਰਾਨ ਡਾਕਟਰ ਨੇ ਰਿੰਕੂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਤੇ ਬਾਕੀ ਦੋਵਾਂ ਦਾ ਇਲਾਜ਼ ਚਲ ਰਿਹਾ ਹੈ। ਜਿੱਥੇ ਕਿ ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰਿੰਕੂ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਂਗ ਦੀ ਲਹਿਰ ਪੈਦਾ ਹੋ ਗਈ।












