
ਜਗਰਾਓਂ (ਦ ਸਟੈਲਰ ਨਿਊਜ਼)। ਜਗਰਾਓਂ ਦੇ ਮੁਹੱਲਾ ਮਾਈ ਜੀਨਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮੁਹੱਲੇ ਦੇ ਵਾਸੀ 52 ਸਾਲਾ ਦੇ ਜੋਗਿੰਦਰ ਸਿੰਘ ਦੀ ਲੁਧਿਆਣਾ ਦੇ ਦੀਪਕ ਹਸਪਤਾਲ ਵਿੱਚ ਇਲਾਜ ਦੌਰਾਨ ਅੱਜ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਰਿਵਾਰਕ ਮੈਂਬਰ ਹਸਪਤਾਲ ਦੇ ਸਾਰੇ ਬਿੱਲ ਕਲੀਅਰ ਕਰਕੇ ਉਸਦੀ ਮ੍ਰਿਤਕ ਦੇਹ ਲੈ ਕੇ ਜਗਰਾਓਂ ਆਪਣੇ ਪਹੁੰਚੇ, ਪਰ ਜਦੋਂ ਅੰਤਿਮ ਸੰਸਕਾਰ ਤੋਂ ਪਹਿਲਾਂ ਰੀਤੀ-ਰਿਵਾਜ ਕਰਨ ਲੱਗੇ ਤਾਂ ਉਹ ਮ੍ਰਿਤਕ ਦੇਹ ਜੋਗਿੰਦਰ ਸਿੰਘ ਦੀ ਬਜਾਏ ਕਿਸੇ ਔਰਤ ਦੀ ਨਿਕਲੀ। ਪਰਿਵਾਰਿਕ ਮੈਂਬਰਾਂ ਨੇ ਇਸ ਸਬੰਧੀ ਹਸਪਤਾਲ ਨਾਲ ਗੱਲਬਾਤ ਕੀਤੀ ਤਾਂ ਹਸਪਤਾਲ ਪ੍ਰਸ਼ਾਸਨ ਨੇ ਸਹੀ ਢੰਗ ਨਾਲ ਗੱਲ ਨਹੀਂ ਕੀਤੀ।

ਦੂਜੇ ਪਾਸੇ ਜਿਸ ਔਰਤ ਦੀ ਮ੍ਰਿਤਕ ਦੇਹ ਜਗਰਾਓਂ ਪਹੁੰਚ ਗਈ ਸੀ, ਉਸ ਔਰਤ ਦੇ ਪਰਿਵਾਰ ਦੇ ਮੈਂਬਰ ਹਸਪਤਾਲ ਤੋਂ ਜੋਗਿੰਦਰ ਸਿੰਘ ਦੀ ਮ੍ਰਿਤਕ ਦੇਹ ਲੈ ਕੇ ਹਸਪਤਾਲ ਦੀ ਐਂਬੂਲੈਂਸ ਵਿੱਚ ਜਗਰਾਓਂ ਆਏ ਅਤੇ ਆਪਣੀ ਪਰਿਵਾਰਿਕ ਮੈਂਬਰ ਮਹਿਲਾ ਦੀ ਮ੍ਰਿਤਕ ਦੇਹ ਵਾਪਿਸ ਲੈ ਕੇ ਗਏ ਤੇ ਜੋਗਿੰਦਰ ਸਿੰਘ ਦੀ ਮ੍ਰਿਤਕ ਦੇਹ ਜਗਰਾਓਂ ਦੇ ਕੇ ਗਏ। ਇਸ ਮੌਕੇ ਮ੍ਰਿਤਕ ਜੋਗਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਹਸਪਤਾਲ ਦੀ ਲਾਪਰਵਾਹੀ ਕਰਕੇ ਉਹ ਬਹੁਤ ਪਰੇਸ਼ਾਨ ਹੋਏ। ਹਸਪਤਾਲ ਪ੍ਰਸ਼ਾਸ਼ਨ ਆਪਣੀ ਗਲਤੀ ਮੰਨਣ ਦੀ ਬਜਾਏ ਉਨ੍ਹਾਂ ਨਾਲ ਬਹਿਸ ਕਰ ਰਿਹਾ ਸੀ। ਪਰਿਵਾਰ ਨੇ ਲਾਪਰਵਾਹੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਦਕਿ ਦੀਪਕ ਹਸਪਤਾਲ ਦੇ ਡਾਕਟਰ ਅਸ਼ੀਸ਼ ਨੇ ਦੱਸਿਆ ਇਸ ਮਾਮਲੇ ਵਿੱਚ ਲਾਪਰਵਾਹੀ ਕਰਨ ਵਾਲੇ ਮੁਲਾਜ਼ਮ ਨੂੰ ਸਸਪੈਂਡ ਕਰ ਰਹੇ ਹਨ।












