Saturday, October 31, 2026
Home Hoshiarpur 2026 ਮੁਬਾਰਕ !

2026 ਮੁਬਾਰਕ !

ਵੀਹ ਸੌ ਪੱਚੀ , ਲਾ ਗਿਆ , ਤਿੰਨ ਸੌ ਪੈੰਹਟ ,ਦਿਨਾਂ ਦਾ ਗੇੜਾ

Advertisements

ਕਿਸੇ ਦਾ , ਤਾਰ ਗਿਆ , ਅਤੇ ਕਿਸੇ ਦਾ , ਡੋਬ ਗਿਆ ਉਹ ਬੇੜਾ

2026 ‘ ਚ ,ਸਾਰਾ ਸਾਲ ,ਤੁਹਾਡੇ ਜੀਵਨ ਵਿਚ, ਰਹੇ ਖੇੜਾ

ਮਿਲਦਾ ਹੀ ਰਹੇ ਤੁਹਾਨੂੰ ਖਾਣ ਪੀਣ ਨੂੰ , ਰੋਜ਼ ਕੋਈ ਲੱਡੂ ਪੇੜਾ

ਚੰਗੇ ਦਿਨ , ਨਹੀਂ ਆਏ ਮੋਦੀ ਜੀ , ਉੱਨਾਂ ਨਹੀਂ ਲਾਇਆ ਗੇੜਾ

ਵੀਹ ਸੌ ਪੱਚੀ, ਵਾਲਾ ਵੀ ਸਾਡੇ ,ਨੇੜਿਓਂ ਲੰਘ ਗਿਆ ਰੇੜ੍ਹਾ

ਫ਼ਿਰਕਾਪ੍ਰਸਤੀ ਤੋਂ ਡਰੇ ਲੋਕਾਂ ਦੇ ਆਇਆ ਨਹੀਂ ਮਨ ਵਿਚ ਖੇੜਾ

ਜ਼ਾਤਾਂ- ਪਾਤਾਂ , ਮਜ਼੍ਹਬਾਂ ਦਾ ,ਏਥੇ ਮੁੱਕਿਆ ਨਹੀ ਝਗੜਾ ਝੇੜਾ

ਆਲੇ ਦੁਆਲੇ ਦੇ ਗੁਆਂਢੀ ਮੁਲਕਾਂ ਨਾਲ ਨਹੀ ਰਿਹਾ ਸਾਡਾ ਨੇੜਾ

ਪਰ ਰੂਸ ਤੋਂ,ਵਲਾਦੀਮੀਰ ਪੁਤਿਨ , ਦਸੰਬਰ ‘ਚ ਲਾ ਗਿਆ ਗੇੜਾ

ਅਖ਼ਬਾਰਾਂ ਤੇ ਸੋਸ਼ਲ ਮੀਡੀਆ ਨੇ ਦਿੱਤੀ ਇਸ ਗੱਲ ਦੀ ਗਵਾਹੀ

ਕਿ ਪੰਜਾਬ ਸਾਡੇ ਦੀ ,ਹੜ੍ਹਾਂ ਨੇ ਇਸ ਵਾਰ ਕੀਤੀ ਬਹੁਤ ਤਬਾਹੀ

ਫ਼ਸਲਾਂ ਰੁੜ੍ਹੀਆਂ ਲੱਖਾਂ ਏਕੜ , ਤੇ ਲੋਕਾਂ ਦੇ ਘਰ ਢੱਠੇ

ਭੁੱਖੇ ਡੰਗਰਾਂ ,ਨੂੰ ਨਹੀ ਲੱਭੇ , ਖਾਣ ਨੂੰ ਕਈ ਦਿਨ ਪੱਠੇ

ਉਹ ਵੀ ਢਠ ਗਏ ਜਿਨ੍ਹਾਂ ਵਿਚ ਪਏ ਸਨ ਸਰੀਏ ਲੈਂਟਰ ਗਾਰਡਰ

ਹੜ੍ਹਾਂ ਨੇ ਇਸ ਵਾਰ ਰੋੜ ਹੀ ਦਿੱਤੇ ਭਾਰਤ ਪਾਕਿਸਤਾਨ ਬਾਰਡਰ

ਚੰਡੀਗੜ੍ਹ ਬੈਠ ਕੇ , ਲੀਡਰ ਸਾਡੇ , ਘੜਦੇ ਰਹੇ ਸਕੀਮਾਂ

ਜ਼ਿਲ੍ਹੇ ਤੋੜ ਕੇ , ਪਿੰਡ ਵੰਡਣੇ ਸਨ ,ਕਰ ਕਰ ਕੇ ਤਕਸੀਮਾਂ

ਵਕੀਲਾਂ ਦੀ ,ਹੜਤਾਲ ਰਹੀ ਏਥੇ ,ਲੱਗਪੱਗ ਇਕ ਮਹੀਨਾ

ਨਾਅਰੇ ਲਾਉਂਦੇ , ਵਕੀਲਾਂ ਦਾ ਡਿੱਗਾ ,ਸੜਕਾਂ ਉੱਤੇ ਪਸੀਨਾ

ਪੰਜਾਬ ਯੂਨੀਵਰਸਿਟੀ ,ਖੋਹਣ ਲੱਗੇ ਸੀ ਪੈ ਗਈਆਂ ਦੁਹਾਈਆਂ

ਵਿਦਿਆਰਥੀਆਂ ਨੇ ਹਾਕਮਾਂ ਦੀਆਂ ਗੋਡਣੀਆਂ ਲਗਵਾਈਆਂ

ਜਦੋਂ ਵੀ ਸੰਵਿਧਾਨ ਦੀਆਂ ਏਥੇ ਧੱਜੀਆਂ ਗਈਆਂ ਉਡਾਈਆਂ

ਇਨਸਾਫ਼ ਦੀ ਦੇਵੀ , ਬੇਵੱਸ ਹੋ ਕੇ ਪਾਉਂਦੀ ਰਹੀ ਦੁਹਾਈਆਂ

ਇਲੈਕਸ਼ਨ ਕਮਿਸ਼ਨ , ਹੀ ਲੱਗ ਜਾਵੇ , ਜੇ ਸਰਕਾਰ ਦੇ ਥੱਲੇ

ਤੁਸੀ ਆਪੇ ਦੱਸੋ , ਫਿਰ ਬਚੇਗਾ ਕੀ , ਭਾਰਤ ਮਾਂ ਦੇ ਪੱਲੇ

ਸ਼ਰੇਆਮ ਵੋਟਾਂ , ਲੁੱਟ ਕੇ ਲੀਡਰਾਂ , ਉੱਚੇ ਥਾਂ ਹਨ ਮੱਲੇ

ਚੋਰ, ਲੁਟੇਰੇ ,ਠੱਗ , ਤੇ ਗੈੰਗਸਟਰ ,ਪਾ ਦਿੱਤੇ ਸਾਡੇ ਪੱਲੇ

ਭਾਰਤ ਦੇ ,ਹਰ ਖੇਤਰ ਵਿੱਚ , ਹਰ ਥਾਂ ਮਿਲਣਗੇ ਦੱਲੇ

ਦੇਸ਼ ਵਾਸੀਓ ਸਤਰਕ ਰਹੋ ,ਨਾ ਬਣੋ , ਗੂੰਗੇ , ਬੋਲੇ ,ਜੱਲੇ

ਇਹ ਨਹੀਂ ਪਤਾ , ਨਿਤੀਸ਼ ਕੁਮਾਰ ਦੀ , ਜਿੱਤ ਪਿੱਛੇ ਕੀ ਰਾਜ

ਪਰ ਮੁੱਖ ਮੰਤਰੀ ,ਵਾਲਾ ਪਹਿਣ ਗਿਆ, ਦਸਵੀਂ ਵਾਰੀ ਤਾਜ

ਆਮ ਲੋਕ ਹੀ , ਦਰੜੇ ਜਾਂਦੇ , ਉਹ ਬਹੁਤ ਹੀ ਖਾਂਦੇ ਮਾਰਾਂ

ਕਹਿਣ ਨੂੰ ਭਾਵੇਂ , ਚਲਦੀਆਂ ਏਥੇ , ਡਬਲ ਇੰਜਣ ਸਰਕਾਰਾਂ

ਨੀਲੀਆਂ , ਚਿੱਟੀਆਂ ਕਦੇ ਪੀਲੀਆਂ ਬੰਨ ਲੈੰਦੇ ਦਸਤਾਰਾਂ

ਲੋਕਾਂ ਨੂੰ ਲੱਗਦਾ , ਪਤਝੜਾਂ ਦੀ ਥਾਂ ,ਆ ਗਈਆਂ ਬਹਾਰਾਂ

ਮੁੰਡੇ ਕੁੜੀਆਂ ਬੇਗਾਨੇ ਮੁਲਕ ‘ਚ ,ਚੁਗਣ ਲਈ ਗਏ ਸਨ ਚੋਗ

ਟਰੰਪ ਨੇ ,ਪਾ ਦਿੱਤਾ ਹੈ ,ਉਨ੍ਹਾਂ ਦੇ ,ਸੁਪਨਿਆਂ ਦਾ ਹੀ ਭੋਗ

ਦੇਸ਼ ਦੇ ਲੋਕੋ ,ਤੁਹਾਡੀ ਬੱਸ ਬੋਲ ਗਈ , ਹੁਣ ਕੀ ਜਾਵੇ ਕੀਤਾ

ਕਾਰਪੋਰੇਟ , ਘਰਾਣਿਆਂ ਨੇ , ਲਹੂ ਹੈ ਤੁਹਾਡਾ ਪੀਤਾ

ਭਾਜਪਾ ਨੇ ,ਪੰਜਾਬ ਦੇ ਨਾਲ , ਬਹੁਤ ਵਿਤਕਰਾ ਕੀਤਾ

ਪੰਜਾਬੀਆਂ ਨੇ , ਹਰ ਵਾਰ ਹੀ , ਸਬਰ ਪਿਆਲਾ ਪੀਤਾ

ਕਈ ਨੇਤਾ ਤਾਂ ਬੋਲਦੇ ਨਹੀ ,ਜਿਵੇਂ ਮੂੰਹ ਗਿਆ ਹੋਵੇ ਸੀਤਾ

ਲੋਕ ਵਿਚਾਰੇ , ਸੁਣੀ ਜਾ ਰਹੇ , ਰਮਾਇਣ , ਗ੍ਰੰਥ ਤੇ ਗੀਤਾ

ਆਪਣੇ ਦੌਰ ‘ਚ ਕਾਂਗਰਸ ਨੇ ਵੀ ਘੱਟ ਨਹੀ ਲੋਕਾਂ ਨਾਲ ਕੀਤੀ

ਫਿਰ ਸਤੇ ਹੋਏ ਲੋਕਾਂ ਲਾਹ ਦਿੱਤੀ ਸੀ ਰਾਜ-ਸੱਤਾ ਵਾਲੀ ਫ਼ੀਤੀ

ਅਕਾਲੀ ਦਲ ਹੁਣ,ਹੋ ਰਿਹਾ ਏਥੇ , ਦਿਨੋ ਦਿਨ ਪ੍ਰੇਸ਼ਾਨ

ਦੰਮ ਤੋੜ ਰਹੀ ,ਪਾਰਟੀ ਦੇ ਵਿਚ , ਪੈ ਨਹੀਂ ਰਹੀ ਜਾਨ

ਕਮਿਊਨਿਸਟ ਪਾਰਟੀਆਂ ਦੇ ਵੀ ਮੁਲਕ ‘ਚ ਲੱਗ ਨਹੀਂ ਰਹੇ ਪੈਰ

ਸਰਮਾਏਦਾਰਾਂ ਦਾ , ਸ਼ੁਰੂ ਤੋ ਰਿਹਾ , ਕਮਿਊਨਿਸਟਾਂ ਨਾਲ ਵੈਰ

ਆਮ ਆਦਮੀ ਪਾਰਟੀ ਤੋਂ ਵੀ ਹਨ ,ਲੋਕਾਂ ਨੂੰ ਬਹੁਤ ਸ਼ਿਕਾਇਤਾਂ

ਨੇਤਾ ਬਣੋ ,ਤੇ ਕਿਸੇ ਦੀ ਨਾ ਸੁਣੋ ,ਪੁਰਾਣੀਆਂ ਹੀ ਹਨ ਰਵਾਇਤਾਂ

ਤੌਬਾ ਡੀ ਆਈ ਜੀ ਭੁੱਲਰ ਏਥੇ ਕਿਨ੍ਹਾਂ ਕੁਝ ਗਿਆ ਛੱਕ

ਪੁਲੀਸ ਮਹਿਕਮੇ , ਦਾ ਤਾਂ ਉਹ ਵੱਢ ਕੇ ਰੱਖ ਗਿਆ ਨੱਕ

ਜੋ ਕੁਝ ਹੋ ਤੁਸੀ , ਬਸ ਉਹੀ ਦੱਸੋ ,ਨਾ ਤੁਹਾਡੇ ਉੱਤੇ ਕਰੇ ਕੋਈ ਸ਼ੱਕ

ਸੱਚ ਸਾਹਮਣੇ ਆ ਜਾਂਦਾ , ਤੁਸੀ ਕੀ ਕੁਝ ਲਵੋਗੇ ਢੱਕ

ਖੁੱਲ ਕੇ ਲਿਖੋ ਤੇ ਖੁੱਲ ਕੇ ਬੋਲੋ ਕਿਤੇ ਐਵੇਂ ਨਾ ਜਾਇਓ ਝੱਕ

ਮਿਹਨਤ ਮੁਸ਼ੱਕਤ ਲਿਆਕਤ ਨਾਲ ਫੱਟੇ ਦਿਓ ਤੁਸੀ ਚੱਕ

ਪਿਆਰ, ਮੁਹੱਬਤ, ਦੋਸਤੀਆਂ ਤੋਂ ,ਜਾਇਓ ਨਾ ਤੁਸੀਂ ਅੱਕ

ਜ਼ਿੰਦਗੀ ਵਿੱਚ , ਸੰਘਰਸ਼ ਵੀ ਕਰਿਓ , ਜਾਇਓ ਨਾ ਕਿਤੇ ਥੱਕ

ਤੁਸੀਂ ਸਮਝਦੇ, ਮੈਂ ਸ਼ਾਇਰ ਬਣ ਗਿਆ ,ਮੈਨੂੰ ਹੈ ਅਜੇ ਸ਼ੱਕ

ਬੇਸ਼ੱਕ ਸ਼ਾਇਰੀ , ਲੈ ਆਈ ਮੈਨੂੰ , ਵੀਹ ਸੌ ਛੱਬੀ ਤੱਕ

ਗਰੀਟਿੰਗ ਕਾਰਡ ਲਿਖਣ ਤੇ ਭੇਜਣ ਦੀ ਆਦਤ ਵੀ ਗਈ ਪੱਕ

ਟੇਰਕਿਆਨਾ ਯਾਦ ਕਰਦਾ ਰਹੂ ਤੁਹਾਨੂੰ ਆਖ਼ਰੀ ਸਾਹਾਂ ਤੱਕ

ਸ਼ੁੱਭ ਇੱਛਾਵਾਂ ਵਲੋਂ

ਰਘਵੀਰ ਸਿੰਘ ਟੇਰਕਿਆਨਾ ਐਡਵੋਕੇਟ

LEAVE A REPLY

Please enter your comment!
Please enter your name here