
ਮੇਰਠ (ਦ ਸਟੈਲਰ ਨਿਊਜ਼)। ਮੇਰਠ ਦੇ ਲਿਸਾਡੀ ਗੇਟ ਇਲਾਕੇ ਵਿੱਚ ਬੀਤੀ ਰਾਤ ਇਕ ਘਰ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਪੰਜ ਬੱਚਿਆਂ ਸਮੇਤ ਪਰਿਵਾਰ ਦੇ ਛੇ ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ-ਚਾਰ ਮਹੀਨੇ ਦੀਆਂ ਜੁੜਵਾਂ ਬੱਚੀਆਂ ਅਤੇ ਤਿੰਨ ਹੋਰ ਬੱਚੇ ਵੀ ਸ਼ਾਮਲ ਹਨ। ਪੁਲਿਸ ਦੇ ਮੁਤਾਬਕ, ਘਰ ਦੇ ਤਹਿਖਾਨੇ ਵਿੱਚ ਕਪੜਿਆਂ ਦਾ ਵੱਡਾ ਸਟਾਕ ਰੱਖਿਆ ਹੋਇਆ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ।

ਮੁਹੰਮਦ ਫਾਰੂਕ, ਜੋ ਪਰਿਵਾਰ ਦਾ ਮੈਂਬਰ ਹੈ, ਨੇ ਰੋਂਦੇ ਹੋਏ ਦਸਿਆ, ‘‘ਜਦੋਂ ਮੈਂ ਨਮਾਜ਼ ਪੜ੍ਹ ਕੇ ਵਾਪਸ ਆਇਆ, ਤਾਂ ਘਰ ਦੇ ਬਾਹਰ ਭੀੜ ਇਕੱਠੀ ਸੀ। ਅੱਗ ਨੇ ਮੇਰੀ ਧੀ, ਪੁੱਤਰ, ਮੇਰੇ ਭਰਾ ਦੀਆਂ ਜੁੜਵਾਂ ਧੀਆਂ ਅਤੇ ਉਸ ਦਾ ਪੁੱਤਰ ਲੈ ਲਿਆ।’’ ਜ਼ਿਲ੍ਹਾ ਮੈਜਿਸਟ੍ਰੇਟ ਵੀ.ਕੇ. ਸਿੰਘ ਨੇ ਇਸ ਘਟਨਾ ਨੂੰ “ਬਹੁਤ ਹੀ ਦੁਖਦਾਈ ਅਤੇ ਅਫਸੋਸਨਾਕ ਕਰਾਰ ਦਿਤਾ ਅਤੇ ਜਾਂਚ ਦੇ ਹੁਕਮ ਦਿਤੇ।
ਮੇਰਠ ਐੱਸ.ਐੱਸ.ਪੀ. ਅਵਿਨਾਸ਼ ਪਾਂਡੇ ਨੇ ਦਸਿਆ ਕਿ ਅੱਗ ਬੁਝਾਉਣ ਵਾਲਿਆਂ ਨੂੰ ਤੰਗ ਗਲੀਆਂ ਕਾਰਨ ਬਹੁਤ ਮੁਸ਼ਕਲਾਂ ਆਈਆਂ, ਪਰ ਲੋਕਾਂ ਦੀ ਮਦਦ ਨਾਲ ਕੁੱਝ ਲੋਕਾਂ ਨੂੰ ਬਚਾਇਆ ਗਿਆ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।











