
ਮੁਹਾਲੀ (ਦ ਸਟੈਲਰ ਨਿਊਜ਼)। ਮੁਹਾਲੀ ਦੇ ਪਿੰਡ ਚੱਪੜਚਿੜੀ ਨੂੰ ਖਾਲੀ ਕਰਵਾਉਣ ਲਈ ਸਰਕਾਰ ਨੇ ਨੋਟਿਸ ਭੇਜ ਦਿੱਤਾ ਹੈ। ਜਿਸ ਕਾਰਨ ਪਿੰਡ ਵਾਸੀਆਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਸਰਕਾਰ ਖਿਲਾਫ਼ ਰੋਸ ਦੀ ਲਹਿਰ ਫੈਲ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, ਪੰਜਾਬ ਸਰਕਾਰ ਦੇ ਪੰਚਾਇਤ ਵਿਭਾਗ ਵੱਲੋਂ ਪਿੰਡ ਦੇ 200 ਲੋਕਾਂ ਨੂੰ ਘਰ ਖਾਲੀ ਕਰਨ ਲਈ ਨੋਟਿਸ ਭੇਜੇ ਗਏ ਹਨ। ਵਿਭਾਗ ਵੱਲੋਂ ਜਿਨ੍ਹਾਂ ਘਰਾਂ ਨੂੰ ਜ਼ਮੀਨ ਖਾਲੀ ਕਰਨ ਲਈ ਨੋਟਿਸ ਭੇਜੇ ਗਏ ਹਨ, ਉਸ ਦੇ ਸਰਕਾਰੀ ਜ਼ਮੀਨ ਹੋਣ ਦਾ ਦਾਅਵਾ ਕੀਤਾ ਗਿਆ ਹੈ। ਉਧਰ, ਪੰਚਾਇਤ ਵਿਭਾਗ ਦੀ ਇਸ ਕਾਰਵਾਈ ਖਿਲਾਫ਼ ਲੋਕਾਂ ‘ਚ ਹਾਹਾਕਾਰ ਮੱਚ ਗਈ ਹੈ।

ਲੋਕਾਂ ਵਿੱਚ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਪਿੰਡ ਆਜ਼ਾਦੀ ਤੋਂ ਪਹਿਲਾਂ ਦਾ ਵਸਿਆ ਹੋਇਆ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ 3-3 ਪੀੜ੍ਹੀਆਂ ਨੇ ਆਪਣਾ ਸਮਾਂ ਗੁਜਾਰਿਆ ਗਿਆ ਹੈ। ਹੁਣ ਪ੍ਰਸ਼ਾਸਨ ਵੱਲੋਂ ਇਹ ਨੋਟਿਸ ਭੇਜੇ ਜਾ ਰਹੇ ਹਨ ਅਤੇ ਘਰ ਖਾਲੀ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਪੂਰਾ ਪਿੰਡ ਪੰਚਾਇਤੀ ਜ਼ਮੀਨ ‘ਤੇ ਕਬਜ਼ਾ ਕਰਕੇ ਵਸਾਇਆ ਗਿਆ ਹੈ, ਜੇਕਰ ਪਿੰਡ ਗੈਰ-ਕਾਨੂੰਨੀ ਹੈ ਤਾਂ ਫਿਰ ਹੁਣ ਤੱਕ ਡਿਵੈਲਪਮੈਂਟ ਫੰਡ ਕਿਉਂ ਜਾਰੀ ਕੀਤੇ ਜਾਂਦੇ ਰਹੇ ਹਨ।











