
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਵੱਲੋਂ ਕਰਵਾਏ ਜਾ ਰਹੇ ਉਰਦੂ ਆਮੋਜ਼ ਕੋਰਸ ਦੇ ਸੈਸ਼ਨ ਜੁਲਾਈ ਤੋਂ ਦਸੰਬਰ 2025 ਦੇ ਵਿਦਿਆਰਥੀਆਂ ਨੂੰ 6 ਮਹੀਨੇ ਦਾ ਉਰਦੂ ਆਮੋਜ਼ ਦਾ ਇਮਤਿਹਾਨ ਪਾਸ ਕਰਨ ਉਪਰੰਤ ਸਰਟੀਫਿਕੇਟਰ ਤਕਸੀਮ ਕੀਤੇ ਗਏ। ਇਸ ਬੈਚ ਦੇ ਸਾਰੇ ਵਿਦਿਆਰਥੀਆਂ ਨੇ ਮਾਰਮਿਕ ਕਾਰਗੁਜ਼ਾਰੀ ਦਿਖਾਉਂਦੇ ਹੋਏ ਵਧੀਆ ਅੰਕ ਪ੍ਰਾਪਤ ਕੀਤੇ। 50 ਅੰਕਾਂ ਦੇ ਪੇਪਰ ਵਿੱਚੋਂ 43 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਵੰਦਨਾ ਕੁਮਾਰੀ, 42 ਅੰਕਾਂ ਨਾਲ ਦੂਸਰਾ ਸਥਾਨ ਸੰਜੀਵ ਕੁਮਾਰ ਅਤੇ 41 ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕਰਕੇ ਇੰਦਰਜੀਤ ਸਿੰਘ ਅਤੇ ਡਾ. ਕੁਲਦੀਪ ਸਿੰਘ ਬਰਾਬਰ ਰਹੇ।ਡਾ. ਜਸਵੰਤ ਰਾਏ ਖੋਜ ਅਫ਼ਸਰ ਦਫ਼ਤਰ ਭਾਸ਼ਾ ਵਿਭਾਗ ਹੁਸ਼ਿਆਰਪੁਰ ਨੇ ਇਸ ਸਮੇਂ ਉਰਦੂ ਅਧਿਆਪਕ ਡਾ. ਬ੍ਰਿਜ ਭੂਸ਼ਨ ਅਤੇ ਵਿਦਿਆਰਥੀਆਂ ਨੂੰ ਸ਼ਲਾਘਾਯੋਗ ਪ੍ਰਾਪਤੀ ‘ਤੇ ਵਧਾਈ ਦਿੱਤੀ।

ਉਨ੍ਹਾਂ ਕਿਹਾ ਕਿ ਦਫ਼ਤਰ ਭਾਸ਼ਾ ਵਿਭਾਗ ਹੁਸ਼ਿਆਰਪੁਰ ਵੱਲੋਂ ਜ਼ਿਲ੍ਹੇ ਵਿੱਚ ਉਰਦੂ ਜ਼ੁਬਾਨ ਨੂੰ ਪ੍ਰਫੁਲਤ ਕਰਨ ਲਈ ਉਰਦੂ ਆਮੋਜ਼ ਦਾ ਕੋਰਸ ਕਰਾਇਆ ਜਾ ਰਿਹਾ ਹੈ। ਇਹ ਛੇ ਮਹੀਨੇ ਦਾ ਕੋਰਸ ਹੈ ਅਤੇ ਸਾਲ ਵਿੱਚ ਜਨਵਰੀ ਤੋਂ ਜੂਨ ਅਤੇ ਜੁਲਾਈ ਤੋਂ ਦਸੰਬਰ ਮਹੀਨੇ ਦੋ ਬੈਚ ਚੱਲਦੇ ਹਨ।ਭਾਸ਼ਾ ਵਿਭਾਗ ਕੋਲ ਉਰਦੂ ਭਾਸ਼ਾ ਸਿਖਾਉਣ ਲਈ ਬਹੁਤ ਹੀ ਉਮਦਾ ਅਧਿਆਪਕ ਡਾ. ਬ੍ਰਿਜ ਭੂਸ਼ਨ ਜੀ ਹਨ ਜਿਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਵੀ ਸਨਮਾਨਿਤ ਕਰ ਚੁੱਕੇ ਹਨ। ਪੰਜਾਬੀ ਭਾਸ਼ਾ ਅਤੇ ਸਾਹਿਤ ਵਿੱਚ ਵਧੀਆ ਮੁਹਾਰਤ ਹਾਸਲ ਕਰਨ ਲਈ ਉਰਦੂ ਭਾਸ਼ਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਸਿਖਾਂਦਰੂਆਂ ਨੂੰ ਭਾਸ਼ਾ ਵਿਭਾਗ ਦੇ ਉਰਦੂ ਆਮੋਜ਼ ਕੋਰਸ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਉਣਾ ਚਾਹੀਦਾ ਹੈ। ਇਸ ਸਮੇਂ ਐਡਵੋਕੇਟ ਸੁਖਵਿੰਦਰ ਸਿੰਘ, ਜਸਪ੍ਰੀਤ ਸਿੰਘ, ਹਰਪਾਲ ਸਿੰਘ, ਲਾਲ ਸਿੰਘ ਹਾਜ਼ਰ ਸਨ।












