
ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਵਿਧਾਨਸਭਾ ਦੇ ਚੱਲ ਰਹੇ ਇਜਲਾਸ ਦੌਰਾਨ ਉਸ ਵੇਲੇ ਸਿਆਸੀ ਹਲਚਲ ਮਚ ਗਈ ਜਦੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਅਤੇ ਸਦਨ ਦੇ ਸਾਰੇ ਵਿਧਾਇਕਾਂ ਦੇ ਤੁਰੰਤ ਐਲਕੋ-ਮੀਟਰ (ਸ਼ਰਾਬ ਦੀ ਜਾਂਚ) ਅਤੇ ਡੋਪ ਟੈਸਟ ਕਰਵਾਉਣ ਦੀ ਮੰਗ ਰੱਖ ਦਿੱਤੀ। ਸਪੀਕਰ ਨੂੰ ਲਿਖੇ ਇੱਕ ਸਖ਼ਤ ਪੱਤਰ ਵਿੱਚ ਬਾਜਵਾ ਨੇ ਆਰੋਪ ਲਗਾਇਆ ਕਿ ਸਦਨ ਦੀ ਮਰਿਆਦਾ ਨੂੰ ਬਹਾਲ ਰੱਖਣ ਲਈ ਇਹ ਕਦਮ ਚੁੱਕਣਾ ਲਾਜ਼ਮੀ ਹੋ ਗਿਆ ਹੈ। ਪ੍ਰਤਾਪ ਸਿੰਘ ਬਾਜਵਾ ਨੇ ਪੱਤਰ ਵਿੱਚ ਮੁੱਖ ਮੰਤਰੀ ਵੱਲੋਂ ਸਦਨ ਵਿੱਚੋਂ ਚਲੇ ਜਾਣਾ ਕਈ ਸਵਾਲ ਖੜ੍ਹੇ ਕਰਦਾ ਹੈ। ਕਾਂਗਰਸ ਵਿਧਾਇਕ ਦਲ (CLP) ਨੇ ਮੰਗ ਕੀਤੀ ਹੈ ਕਿ ਇੱਕ ਘੰਟੇ ਦੇ ਅੰਦਰ-ਅੰਦਰ ਮੁੱਖ ਮੰਤਰੀ ਤੋਂ ਸ਼ੁਰੂਆਤ ਕਰਦੇ ਹੋਏ ਸਾਰੇ ਮੈਂਬਰਾਂ ਦਾ ਐਲਕੋ-ਮੀਟਰ ਟੈਸਟ ਕੀਤਾ ਜਾਵੇ ਅਤੇ ਬਾਅਦ ਵਿੱਚ ਸਾਰਿਆਂ ਦਾ ਵਿਆਪਕ ਡੋਪ ਟੈਸਟ ਕਰਵਾਇਆ ਜਾਵੇ।

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਇਹ ਟੈਸਟ ਕਿਸੇ ਹੋਰ ਹਸਪਤਾਲ ਦੀ ਬਜਾਏ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER) ਚੰਡੀਗੜ੍ਹ ਦੀ ਨਿਰਪੱਖ ਮੈਡੀਕਲ ਟੀਮ ਵੱਲੋਂ ਕੀਤੇ ਜਾਣੇ ਚਾਹੀਦੇ ਹਨ। ਬਾਜਵਾ ਨੇ ਸਪੱਸ਼ਟ ਕੀਤਾ ਕਿ ਇਹ ਕਿਸੇ ਵਿਅਕਤੀ ਵਿਸ਼ੇਸ਼ ਦੇ ਖ਼ਿਲਾਫ਼ ਨਹੀਂ, ਸਗੋਂ ਸਦਨ ਦੀ ਜਵਾਬਦੇਹੀ ਅਤੇ ਪਾਰਦਰਸ਼ਤਾ ਨੂੰ ਕਾਇਮ ਰੱਖਣ ਲਈ ਚੁੱਕਿਆ ਗਿਆ ਕਦਮ ਹੈ। ਕਾਂਗਰਸ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਐਲਾਨ ਕੀਤਾ ਹੈ ਕਿ ਜਿੰਨੀ ਦੇਰ ਤੱਕ ਮੁੱਖ ਮੰਤਰੀ ਪ੍ਰਸਤਾਵਿਤ ਟੈਸਟਿੰਗ ਪ੍ਰਕਿਰਿਆ ਰਾਹੀਂ ਇਨ੍ਹਾਂ ਗੰਭੀਰ ਆਰੋਪਾਂ ਤੋਂ ਖ਼ੁਦ ਨੂੰ ਮੁਕਤ ਨਹੀਂ ਕਰ ਲੈਂਦੇ, ਉਦੋਂ ਤੱਕ ਕਾਂਗਰਸ ਵਿਧਾਇਕ ਦਲ ਸਦਨ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲਵੇਗਾ।












