
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼੍ਰੋਮਣੀ ਅਕਾਲੀ ਦਲ ਨੇ ਸਾਲ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।ਇਸ ਲਈ ਪਾਰਟੀ ਨੇ ਲੋਕਾਂ ਤੱਕ ਪਹੁੰਚ ਬਣਾਉਣ ਲਈ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਲੋਕਾਂ ਨਾਲ ਸੰਪਰਕ ਸ਼ੁਰੂ ਕਰਨ ਦਾ ਫੈਂਸਲਾ ਕੀਤਾ ਹੈ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿਕਾਸ ਵਿੱਚ ਅਕਾਲੀ ਦਲ ਵੱਲੋਂ ਨਿਭਾਈ ਭੁੂਮਿਕਾ ਅਤੇ ਸਾਲ 2027 ਵਿੱਚ ਸਰਕਾਰ ਬਣਨ ਤੇ ਦੂਰਅੰਦੇਸ਼ੀ ਸੋਚ ਬਾਰੇ ਲੋਕਾਂ ਨੂੰ ਜਾਣੂ ਕਰਵਾਏਗਾ।ਇਹ ਗੱਲ ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਸੂਬਾ ਜਰਨਲ ਸਕੱਤਰ ਧਰਮਿੰਦਰ ਕੁਮਾਰ ਟੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।ਉਨ੍ਹਾਂ ਨੇ ਅਕਾਲੀ ਦਲ ਦੀ ਸਰਕਾਰ ਆਉਣ ਤੇ ਪੰਜਾਬ ਦੇ ਉਦਯੋਗਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੁਰਾਣੇ ਉਦਯੋਗਾਂ ਨੂੰ ਰਾਹਤ ਦੇਣ ਅਤੇ ਨਵੇਂਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਲਈ ਵਿਸ਼ੇਸ਼ ਪ੍ਰੋਤਸਾਹਨ ਦੇਣ ਦਾ ਵਾਅਦਾ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਦਾ ਮੁੱਖ ਧਿਆਨ ਸਥਾਨਕ ਉਦਯੋਗ ਨੂੰ ਸਹੂਲਤਾਂ ਦੇਣ ਅਤੇ ਰੁਜ਼ਗਾਰ ਪੈਦਾ ਕਰਨ ਤੇ ਹੈ।

ਉਦਯੋਗਿਕ ਵਿਕਾਸ ਲਈ ਸਥਾਨਕ ਰੁਜ਼ਗਾਰ ਨੂੰ ਤਰਜੀਹ ਦੇਣਾ ਅਕਾਲੀ ਦਲ ਦੀ ਪਹਿਲੀ ਕੋਸ਼ਿਸ਼ ਹੋਵੇਗੀ।ਉਨ੍ਹਾਂਨੇ ਕਿਹਾ ਕਿ ਜੇਕਰ ਅਕਾਲੀ ਦਲ ਦੀ ਸਰਕਾਰ ਬਣਨ ਤੇ ਉਦਯੋਗਿਕ ਇਕਾਈਆਂ ਨੂੰ ਸਰਕਾਰੀ ਰਿਆਇਤਾਂ ਲੈਣ ਲਈ 75% ਸਥਾਨਕ ਕਾਮਿਆਂ ਨੂੰ ਰੁਜ਼ਗਾਰ ਦੇਣਾ ਲਾਜ਼ਮੀ ਕੀਤਾ ਜਾਵੇਗਾ।ਉਦਯੋਗਾਂ ਨੂੰ ਚਲਾਉਣ ਲਈ ਬਿਜਲੀ ਦੀਆਂ ਦਰਾਂ ਘਟਾ ਕੇ ₹5 ਪ੍ਰਤੀ ਯੂਨਿਟ ਕੀਤੀ ਜਾਵੇਗੀ।ਵੱਡੇ ਉਦਯੋਗਾਂ ਅਤੇ ਫੋਕਲ ਪੁਆਇੰਟ ਐਸੋਸੀਏਸ਼ਨਾਂ ਨੂੰ ਆਪਣੇ ਸੋਲਰ ਪਾਵਰ ਪਲਾਂਟ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ।ਈਜ਼ ਆਫ ਡੂਇੰਗ ਬਿਜ਼ਨਸ ਨੂੰ ਯਕੀਨੀ ਬਣਾਉਣ ਲਈ ਸਵੈ-ਘੋਸ਼ਣਾ ਤੇ ਜ਼ੋਰ ਦਿੱਤਾ ਜਾਵੇਗਾ,ਤਾਂ ਜੋ ਕਾਰੋਬਾਰੀਆਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ।ਉਨ੍ਹਾਂਨੇ ਕਿਹਾ ਕਿ ₹25 ਲੱਖ ਤੋਂ ਘੱਟ ਟਰਨਓਵਰ ਵਾਲੇ ਵਪਾਰੀਆਂ ਲਈ ਲੰਪਸਮ ਟੈਕਸ ਪ੍ਰਣਾਲੀ ਅਤੇ ਖਾਤਾ ਕਿਤਾਬਾਂ ਰੱਖਣ ਦੀ ਜ਼ਰੂਰਤ ਨੂੰ ਘੱਟ ਕੀਤਾ ਜਾਵੇਗਾ।ਇਸ ਤੋਂ ਇਲਾਵਾ ਛੋਟੇ ਵਪਾਰੀਆਂ ਲਈ ਪੈਨਸ਼ਨ ਅਤੇ ₹10 ਲੱਖ ਦਾ ਬੀਮਾ ਕਵਰ ਦਿੱਤਾ ਜਾਵੇਗਾ।ਲੁਧਿਆਣਾ ਵਿੱਚ 200 ਏਕੜ ਵਿੱਚ ਇੱਕ ਸਕਿੱਲ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ,ਜੋ ਸਾਈਕਲ,ਹੋਜ਼ਰੀ ਅਤੇ ਆਟੋ ਪਾਰਟਸ ਉਦਯੋਗ ਲਈ ਹੁਨਰਮੰਦ ਮਜ਼ਦੂਰ ਤਿਆਰ ਕਰੇਗੀ।ਉਦਯੋਗਾਂ ਨੂੰ ਮਿਕਸਡ ਲੈਂਡ ਯੂਜ਼ ਵਾਲੇ ਖੇਤਰਾਂ ਤੋਂ ਬਾਹਰ ਭੇਜਣ ਦੀ ਨੀਤੀ ਨੂੰ ਰੋਕਿਆ ਜਾਵੇਗਾ।ਧਰਮਿੰਦਰ ਟੋਨੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਸੂਬਾ ਦੇ ਹਰ ਪੱਖ ਤੋਂ ਵਿਕਾਸ ਹੋਇਆ ਹੈ।ਕਾਂਗਰਸ ਅਤੇ ਮੌਜੂਦਾ ਆਪ ਦੀ ਸਰਕਾਰਾਂ ਨੇ ਸੂਬੇ ਦੇ ਵਿਕਾਸ ਲਈ ਕੁਝ ਨਹੀਂ ਕੀਤਾ।ਅਕਾਲੀ ਦਲ ਸੂਬੇ ਵਿੱਚ ਮੁੜ ਤੋਂ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਅਤੇ ਬੁਨਿਆਦੀ ਢਾਂਚੇ ਦੀ ਸਿਰਜਣਾ ਨਾਲ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਸਤੇ ਦ੍ਰਿੜ੍ਹ ਹੈ।












