
ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਨਸ਼ੇ ਦੇ ਦੈਂਤ ਨੇ ਇੱਕ ਹੋਰ ਮਾਂ ਦਾ ਪੁੱਤ ਖਾ ਲਿਆ ਹੈ। ਦੱਸ ਦਈਏ ਕਿ ਥਾਣਾ ਢਿਲਵਾਂ ਅਧੀਨ ਪੈਂਦੇ ਪਿੰਡ ਚੱਕੋਕੀ ਵਿੱਚ ਦੇਰ ਰਾਤ ਨਸ਼ੇ ਦੀ ਵੱਧ ਮਾਤਰਾ ਕਾਰਨ 28 ਸਾਲਾ ਨੌਜਵਾਨ ਸ਼ਮਸ਼ੇਰ ਸਿੰਘ ਦੀ ਮੌਤ ਹੋ ਗਈ ਹੈ। ਜਿਸ ਨਾਲ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ।

ਮ੍ਰਿਤਕ ਦੇ ਭਰਾ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਕੱਲ੍ਹ ਦਿਨ ਆਪਣੇ ਸਾਥੀਆਂ ਨਾਲ ਤੂੜੀ ਲਾਹਣ ਦਾ ਕੰਮ ਕਰ ਰਿਹਾ ਸੀ। ਸ਼ਾਮ ਵੇਲੇ ਸਾਰੇ ਇਕੱਠੇ ਹੋ ਕੇ ਨਸ਼ਾ ਕਰਨ ਲੱਗ ਪਏ, ਜਿਸ ਤੋਂ ਬਾਅਦ ਸ਼ਮਸ਼ੇਰ ਸਿੰਘ ਅਚਾਨਕ ਬੇਹੋਸ਼ ਹੋ ਗਿਆ। ਹੈਰਾਨੀਜਨਕ ਗੱਲ ਇਹ ਹੈ ਕਿ ਉਸਦੇ ਸਾਥੀਆਂ ਨੇ ਉਸਨੂੰ ਹੋਸ਼ ਵਿੱਚ ਲਿਆਉਣ ਦੀ ਬਜਾਏ ਉਸਦੇ ਮੂੰਹ ‘ਤੇ ਚਪੇੜਾਂ ਮਾਰੀਆਂ, ਜਿਸ ਕਾਰਨ ਉਸਦੇ ਚਿਹਰੇ ਤੇ ਅੱਖਾਂ ‘ਤੇ ਸੋਜ ਆ ਗਈ।
ਅਕਾਸ਼ਦੀਪ ਨੇ ਦੱਸਿਆ ਕਿ ਰਾਤ ਕਰੀਬ 8:30 ਵਜੇ ਉਸਦੇ ਸਾਥੀ ਸ਼ਮਸ਼ੇਰ ਨੂੰ ਬੇਸੁੱਧ ਹਾਲਤ ਵਿੱਚ ਘਰ ਛੱਡ ਕੇ ਚਲੇ ਗਏ। ਪਰਿਵਾਰ ਵੱਲੋਂ ਤੁਰੰਤ ਉਸਨੂੰ ਸੁਭਾਨਪੁਰ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਢਿਲਵਾਂ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਕਪੂਰਥਲਾ ਮੋਰਚਰੀ ਵਿੱਚ ਰਖਵਾਇਆ ਗਿਆ ਹੈ।
ਇਸ ਮਾਮਲੇ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪਿਛਲੇ 15 ਦਿਨਾਂ ਵਿੱਚ ਉਸਦੇ ਹਲਕੇ ਵਿੱਚ ਨਸ਼ੇ ਨਾਲ ਇਹ ਪੰਜਵੀਂ ਮੌਤ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ੇ ਦਾ ਜ਼ਹਿਰ ਨੌਜਵਾਨੀ ਨੂੰ ਨਿਗਲ ਰਿਹਾ ਹੈ, ਪਰ ਸਰਕਾਰ ਇਸ ‘ਤੇ ਲਗਾਮ ਲਗਾਉਣ ਵਿੱਚ ਨਾਕਾਮ ਰਹੀ ਹੈ।












