
ਪਟਿਆਲਾ (ਦ ਸਟੈਲਰ ਨਿਊਜ਼)। ਥਾਣਾ ਘਨੌਰ ਦੇ ਪਿੰਡ ਸੰਧਾਰਸੀ ਵਿੱਚ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ, ਹਾਦਸੇ ਵਿੱਚ ਟਿੱਪਰ, ਕੈਂਟਰ ਅਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਪੁਲਿਸ ਮੁਲਾਜ਼ਮ ਸਮੇਤ ਦੋ ਜਣਿਆ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਟਿੱਪਰ ਅਤੇ ਕੈਟਰ ਦੀ ਟੱਕਰ ਹੋ ਗਈ ਤੇ ਇਨ੍ਹਾਂ ਦੋਵੇਂ ਵਾਹਨਾਂ ਨੇ ਇੱਕ ਆਈ-20 ਕਾਰ ਵੀ ਲਪੇਟ ਵਿੱਚ ਆ ਗਈ। ਪੰਜਾਬ ਪੁਲੀਸ ਦਾ ਸਿਪਾਹੀ ਸੁਖਜਿੰਦਰ ਸਿੰਘ ਇਸ ਕਾਰ ਵਿਚ ਹੀ ਸਵਾਰ ਸੀ।

ਉਹ ਪਟਿਆਲਾ ਨਾਲ ਲੱਗਦੇ ਪਿੰਡ ਚੌਰਾ ਦਾ ਰਹਿਣ ਵਾਲਾ ਸੀ ਅਤੇ ਥਾਣਾ ਸਦਰ ਪਟਿਆਲਾ ਵਿੱਚ ਤਾਇਨਾਤ ਸੀ। ਦੂਜੇ ਮ੍ਰਿਤਕ ਦੀ ਪਹਿਚਾਣ ਮੋਹਣ ਸਿੰਘ ਗੋਲੂ ਵਜੋਂ ਹੋਈ ਜੋ ਥਾਣਾ ਸ਼ੰਭੂ ਦੇ ਅਧੀਨ ਪੈਂਦੇ ਪਿੰਡ ਜਖੇਪਲ ਦਾ ਵਾਸੀ ਸੀ। ਉਹ ਟਿੱਪਰ ਦਾ ਡਰਾਈਵਰ ਸੀ। ਕੈਂਟਰ ਦਾ ਡਰਾਈਵਰ ਮੋਹਿਤ ਕੁਮਾਰ ਜ਼ਖ਼ਮੀ ਹੋ ਗਿਆ। ਥਾਣਾ ਘਨੌਰ ਦੇ ਐੱਸ ਐੱਚ ਓ ਸਬ ਇੰਸਪੈਕਟਰ ਗੁਰਮੁਖ ਸਿੰਘ ਵਿਰਕ ਦਾ ਕਹਿਣਾ ਸੀ ਕਿ ਇਸ ਹਾਦਸੇ ਸਬੰਧੀ ਕੈਂਟਰ ਡਰਾਈਵਰ ਮੋਹਿਤ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸਦਰ ਪਟਿਆਲਾ ਦੇ ਐੱਸ ਐੱਚ ਓ ਇੰਸਪੈਕਟਰ ਗੁਰਮੀਤ ਸਿੰਘ ਕੈਲੇ, ਡੀ ਐੱਸ ਪੀ ਰੂਰਲ ਰਣਬੀਰ ਸਿੰਘ, ਰੀਡਰ ਗੁਰਬਖਸ਼ ਸਿੰਘ ਅਤੇ ਲੁਕੇਸ਼ ਸਰਮਾ ਨੇ ਸਾਥੀ ਸੁਖਜਿੰਦਰ ਸਿੰਘ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ।












