
ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਵਿੱਚ ਬੀਤੀ ਰਾਤ ਆਈ ਹਨੇਰੀ ਅਤੇ ਮੀਂਹ, ਤੂਫ਼ਾਨ ਕਾਰਨ ਕਈ ਲੋਕਾਂ ਲਈ ਵੱਡੀ ਮੁਸੀਬਤ ਬਣ ਕੇ ਆਇਆ। ਝੱਖੜ ਕਾਰਨ ਸ਼ਹਿਰ ਵਿੱਚ ਕਈ ਥਾਈਂ ਭਾਰੀ ਦਰੱਖਤ ਜੜ੍ਹੋਂ ਉਖੜ ਗਏ ਤੇ ਲੋਹੇ ਦੀਆਂ ਟੀਨਾਂ ਉੱਡ ਗਈਆਂ। ਲੋਕਾਂ ਦੇ ਕੰਮਾਂ ਅਤੇ ਫ਼ੈਕਟਰੀਆਂ ਤੋਂ ਛੁੱਟੀ ਕਰ ਕੇ ਆਪਣੇ ਘਰਾਂ ਨੂੰ ਪਰਤਣ ਦੇ ਐਨ ਮੌਕੇ ਆਏ ਇਸ ਝੱਖੜ ਨੇ ਸ਼ਹਿਰ ਦੀ ਰਫ਼ਤਾਰ ਇੱਕ ਵਾਰ ਤਾਂ ਪੂਰੀ ਤਰ੍ਹਾਂ ਮੱਠੀ ਪਾ ਦਿੱਤੀ। ਆਵਾਜਾਈ ਠੱਪ ਹੋਣ ਕਾਰਨ ਜੋ ਵਿਅਕਤੀ ਜਿੱਥੇ ਸੀ, ਉਸ ਨੂੰ ਉੱਥੇ ਹੀ ਰੁਕਣਾ ਪਿਆ। ਦੇਰ ਰਾਤ ਹੋਈ ਤੇਜ਼ ਬਾਰਸ਼ ਕਾਰਨ ਪੂਰਾ ਸ਼ਹਿਰ ਜਲ-ਥਲ ਹੋ ਗਿਆ ਅਤੇ ਸੜਕਾਂ ’ਤੇ ਇਕੱਠਾ ਹੋਇਆ ਪਾਣੀ ਅੱਜ ਸਵੇਰ ਤੱਕ ਮੁਸ਼ਕਲ ਨਾਲ ਨਿਕਲ ਸਕਿਆ।

ਸ਼ਹਿਰ ਵਿੱਚ ਵੀਰਵਾਰ ਰਾਤ ਨੂੰ ਅਚਾਨਕ ਮੌਸਮ ਦਾ ਮਿਜ਼ਾਜ ਬਦਲ ਗਿਆ ਅਤੇ ਦੇਰ ਰਾਤ ਚੱਲੀਆਂ ਤੇਜ਼ ਹਵਾਵਾਂ ਭਿਆਨਕ ਹਨੇਰੀ ਅਤੇ ਝੱਖੜ ਵਿੱਚ ਬਦਲ ਗਈਆਂ, ਜਿਸ ਦਾ ਆਮ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਸਕਿਆ। ਇਸ ਕਾਰਨ ਸ਼ਹਿਰ ਦੇ ਪੌਸ਼ ਇਲਾਕੇ ਕਿਚਲੂ ਨਗਰ, ਸੈਕਟਰ-32 ਚੰਡੀਗੜ੍ਹ ਰੋਡ, ਫ਼ਿਰੋਜ਼ਪੁਰ ਰੋਡ, ਹੈਬੋਵਾਲ, ਰਿਸ਼ੀ ਨਗਰ, ਸਰਾਭਾ ਨਗਰ ਅਤੇ ਤਾਜਪੁਰ ਰੋਡ ਸਣੇ ਕਈ ਹੋਰ ਖੇਤਰਾਂ ਵਿੱਚ ਵੱਡੇ ਦਰੱਖਤ ਟੁੱਟ ਕੇ ਮੁੱਖ ਸੜਕਾਂ ਦੇ ਵਿਚਕਾਰ ਡਿੱਗ ਗਏ, ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਹਨੇਰੀ ਤੋਂ ਬਾਅਦ ਪਏ ਮੂਸਲਾਧਾਰ ਮੀਂਹ ਨੇ ਨਗਰ ਨਿਗਮ ਦੇ ਨਿਕਾਸੀ ਪ੍ਰਬੰਧਾਂ ਅਤੇ ਮੌਨਸੂਨ ਦੀਆਂ ਤਿਆਰੀਆਂ ਦੇ ਵੱਡੇ-ਵੱਡੇ ਦਾਅਵਿਆਂ ਦੀ ਇੱਕ ਵਾਰ ਫਿਰ ਪੂਰੀ ਤਰ੍ਹਾਂ ਪੋਲ ਖੋਲ੍ਹ ਕੇ ਰੱਖ ਦਿੱਤੀ। ਸ਼ਹਿਰ ਦੇ ਸਾਰੇ ਨੀਵੇਂ ਇਲਾਕਿਆਂ ਵਿੱਚ ਦੇਰ ਰਾਤ ਤੱਕ ਭਾਰੀ ਮਾਤਰਾ ਵਿੱਚ ਪਾਣੀ ਭਰਿਆ ਰਿਹਾ ਅਤੇ ਨਿਕਾਸੀ ਨਾ ਹੋਣ ਕਾਰਨ ਸੜਕਾਂ ਤਲਾਬ ਦਾ ਰੂਪ ਧਾਰਨ ਕਰ ਗਈਆਂ।












