
ਮੋਹਾਲੀ (ਦ ਸਟੈਲਰ ਨਿਊਜ਼)। ਮੋਹਾਲੀ ਦੇ ਏਰੋ ਸਿਟੀ ਇਲਾਕੇ ਤੋਂ ਇਕ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ, ਜਿਥੇ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਸੀ-ਬਲਾਕ ਵਿੱਚ ਇੱਕ ਪਰਵਾਸੀ ਮਜ਼ਦੂਰ ਦੀ ਕਰੰਟ ਲੱਗਣ ਨਾਲ ਦੁੱਖਦਾਈ ਮੌਤ ਹੋ ਗਈ, ਜਿਸ ਤੋਂ ਬਾਅਦ ਇਲਾਕੇ ਵਿੱਚ ਗੁੱਸੇ ਦਾ ਮਾਹੌਲ ਬਣ ਗਿਆ।

ਮਿਲੀ ਜਾਣਕਾਰੀ ਅਨੁਸਾਰ ਮਜ਼ਦੂਰ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ’ਤੇ ਜਾ ਰਿਹਾ ਸੀ ਕਿ ਅਚਾਨਕ ਸਟ੍ਰੀਟ ਲਾਈਟ ਨਾਲ ਜੁੜੀਆਂ ਖਰਾਬ ਅਤੇ ਨੰਗੀਆਂ ਤਾਰਾਂ ਦੇ ਸੰਪਰਕ ਵਿੱਚ ਆ ਗਿਆ। ਕਰੰਟ ਲੱਗਣ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।
ਸਥਾਨਕ ਨਿਵਾਸੀਆਂ ਨੇ ਇਸ ਘਟਨਾ ਲਈ ਸਟ੍ਰੀਟ ਲਾਈਟਾਂ ਦੀ ਸੰਭਾਲ ਕਰ ਰਹੇ ਬਿਜਲੀ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਨੰਗੀਆਂ ਤਾਰਾਂ ਅਤੇ ਖਰਾਬ ਲਾਈਟਾਂ ਬਾਰੇ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਸਨ, ਪਰ ਸੰਬੰਧਿਤ ਅਧਿਕਾਰੀਆਂ ਵੱਲੋਂ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ।
ਲੋਕਾਂ ਨੇ ਆਰੋਪ ਲਗਾਇਆ ਕਿ ਜੇਕਰ ਸਮੇਂ ਸਿਰ ਮੁਰੰਮਤ ਕਰ ਦਿੱਤੀ ਜਾਂਦੀ ਤਾਂ ਇਹ ਹਾਦਸਾ ਟਾਲਿਆ ਜਾ ਸਕਦਾ ਸੀ। ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਹੈ।












