
ਹੁਸ਼ਿਆਰਪੁਰ/ਚੱਕੋਵਾਲ (ਦ ਸਟੈਲਰ ਨਿਊਜ਼): ਸਿਹਤ ਵਿਭਾਗ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਨੁਸਾਰ “ਹਰ ਸ਼ੁੱਕਰਵਾਰ ਡੇਂਗੂ ਤੇ ਵਾਰ” ਮੁਹਿੰਮ ਚਲਾਈ ਜਾ ਰਹੀ ਹੈ ਜਿਸ ਅਨੁਸਾਰ ਹਰ ਸ਼ੁੱਕਰਵਾਰ ਸਿਹਤ ਮੁਲਾਜ਼ਮ ਘਰ-ਘਰ ਜਾ ਕੇ ਮੱਛਰਾਂ ਦਾ ਲਾਰਵਾ ਚੈੱਕ ਕਰਦੇ ਹਨ। ਇਸੇ ਤਹਿਤ ਐੱਸ.ਐਮ.ਓ. ਪੀ.ਐਚ.ਸੀ. ਚੱਕੋਵਾਲ ਡਾ. ਮਨਪ੍ਰੀਤ ਕੌਰ ਦੀ ਅਗਵਾਈ ਹੇਠ ਸਮੂਹ ਮ.ਪ.ਹ.ਵ., ਮ.ਪ.ਹ.ਸੁ., ਆਸ਼ਾ ਵਰਕਰਾਂ, ਪੇਂਡੂ ਸਿਹਤ ਸਫਾਈ ਅਤੇ ਨਿਊਟ੍ਰਿਸ਼ਨ ਕਮੇਟੀ ਦੇ ਮੈਂਬਰਾਂ ਅਤੇ ਨਰਸਿੰਗ ਦੇ ਵਿਦਿਆਰਥੀਆਂ ਨੇ ਮੱਛਰਾਂ ਦਾ ਲਾਰਵਾ ਚੈੱਕ ਕੀਤਾ ਜਾਂਦਾ ਹੈ । ਇਸ ਸੰਬੰਧੀ ਸੈਕਟਰ ਬਾਗਪੁਰ ਵਿਖੇ ਸਿਹਤ ਮੁਲਾਜ਼ਮਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੇ ਮ.ਪ.ਹ.ਸੁ. ਮੇਲ ਬਲਜੀਤ ਸਿੰਘ ਨੇ ਦੱਸਿਆ ਕਿ ਮਹੀਨਾ ਜੂਨ ਮਲੇਰੀਆ ਵਿਰੋਧੀ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਘਰ ਘਰ ਜਾ ਕੇ ਲਾਰਵਾ ਚੈੱਕ ਕਰਦੀਆਂ ਹਨ ਅਤੇ ਜੇਕਰ ਕਿਤੇ ਲਾਰਵਾ ਮਿਲਦਾ ਹੈ ਤਾਂ ਉਸਨੂੰ ਉਸੇ ਸਮੇਂ ਨਸ਼ਟ ਕੀਤਾ ਜਾਂਦਾ ਹੈ।

ਉਹਨਾਂ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ, ਇਸ ਲਈ ਘਰਾਂ ਵਿੱਚ ਅਤੇ ਨੇੜੇ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ। ਇਸ ਤੋਂ ਇਲਾਵਾ ਕੂਲਰਾਂ, ਪੰਛੀਆਂ ਦੇ ਲਈ ਰੱਖੇ ਪਾਣੀ ਵਾਲੇ ਬਰਤਨਾਂ, ਫਰਿੱਜਾਂ ਦੇ ਪਿੱਛੇ ਲੱਗੀਆਂ ਟਰੇਆਂ, ਟਾਇਰਾਂ, ਟੁੱਟੇ ਭੱਜੇ ਬਰਤਨਾਂ ਆਦਿ ਵਿਚ ਪਾਣੀ ਹਰ ਹਫ਼ਤੇ ਕੱਢਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਮੀਂਹ ਤੋਂ ਬਾਅਦ ਮੱਛਰ ਜ਼ਿਆਦਾ ਪੈਦਾ ਹੋਵੇਗਾ ਅਤੇ ਡੇਂਗੂ ਦਾ ਖਤਰਾ ਵੀ ਜ਼ਿਆਦਾ ਹੈ। ਇਸ ਲਈ ਮੀਂਹ ਦਾ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਅਤੇ ਟੋਇਆਂ ਨੂੰ ਮਿੱਟੀ ਨਾਲ ਪੂਰ ਦਿੱਤਾ ਜਾਵੇ।
ਛੱਪੜਾਂ ਵਿਚ ਕਾਲਾ ਤੇਲ ਪਾ ਦਿੱਤਾ ਜਾਵੇ ਤਾਂ ਕਿ ਉਥੇ ਲਾਰਵਾ ਪੈਦਾ ਨਾ ਹੋ ਸਕੇ। ਇਸ ਮੌਕੇ ਆਮ ਆਦਮੀ ਕਲੀਨਿਕ ਬਾਗਪੁਰ ਦੇ ਮੈਡੀਕਲ ਅਫ਼ਸਰ ਡਾ. ਸ਼ਿਵਮ ਅੰਗਰੀਸ਼ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਬੁਖਾਰ, ਸਿਰ ਦਰਦ, ਉਲਟੀ, ਅੱਖਾਂ ਦੇ ਪਿੱਛੇ ਦਰਦ ਹੈ ਤਾਂ ਆਪਣੇ ਆਪ ਦਵਾਈ ਨਾ ਲਵੋ ਅਤੇ ਡਾਕਟਰ ਦੀ ਸਲਾਹ ਲਓ। ਬੁਖਾਰ ਲਈ ਸਿਰਫ ਪੈਰਾਸਿਟਾਮੋਲ ਹੀ ਲਈ ਜਾਵੇ। ਮੱਛਰਾਂ ਤੋਂ ਬਚਾਅ ਲਈ ਪੂਰੀਆਂ ਬਾਹਾਂ ਦੇ ਕੱਪੜੇ ਪਹਿਨੋ, ਬੂਟ ਜ਼ੁਰਾਬਾਂ ਪਹਿਨੋ, ਮੱਛਰ ਮਾਰਨ ਵਾਲੀ ਦਵਾਈ ਦਾ ਇਸਤੇਮਾਲ ਕਰੋ। ਇਸ ਮੌਕੇ ਏ.ਐਮ.ਓ. ਡਾ. ਦੀਪਤੀ, ਸ਼ਮਸ਼ੇਰ ਸਿੰਘ, ਬਲਜੀਤ ਕੌਰ, ਕਮਲੇਸ਼ ਦੇਵੀ ਆਦਿ ਹਾਜ਼ਿਰ ਸਨ।












