
ਜਲੰਧਰ (ਦ ਸਟੈਲਰ ਨਿਊਜ਼)। ਪੀ.ਏ.ਪੀ. ਦੀ 27 ਬਟਾਲੀਅਨ ਦੇ ਕਾਂਸਟੇਬਲ ਰਾਜ ਕੁਮਾਰ ਦੀ ਸੁੱਚੀ ਪਿੰਡ ਨੇੜੇ ਸੜਕ ਹਾਦਸੇ ਵਿਚ ਮੌਤ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਪੁਲਿਸ ਮੁਲਾਜ਼ਮ ਦੇਰ ਰਾਤ ਨੂੰ ਅਪਣੇ ਮੋਟਰਸਾਈਕਲ ਨੰਬਰ ਪੀ. ਬੀ. 08 ਐੱਫ਼. ਏ-1688 ’ਤੇ ਜਾ ਰਿਹਾ ਸੀ।

ਜਦੋਂ ਉਹ ਸੁੱਚੀ ਪਿੰਡ ਰੋਡ ’ਤੇ ਪਹੁੰਚਿਆ ਤਾਂ ਕਿਸੇ ਤੇਜ਼ ਰਫ਼ਤਾਰ ਵਾਹਨ ਨੇ ਉਸ ਵਿਚ ਟੱਕਰ ਮਾਰ ਦਿਤੀ, ਜਿਸ ਦੇ ਬਾਅਦ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਜਸਵੰਤ ਸਿੰਘ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ, ਜਦਕਿ ਮੁਲਜ਼ਮ ਚਾਲਕ ਸਮੇਤ ਵਾਹਨ ਮੌਕੇ ਤੋਂ ਫ਼ਰਾਰ ਹੋ ਚੁੱਕਾ ਸੀ।
ਪੁਲਿਸ ਨੇ ਮ੍ਰਿਤਕ ਪੁਲਿਸ ਮੁਲਾਜ਼ਮ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਭੇਜ ਦਿਤਾ ਹੈ। ਬੁਧਵਾਰ ਸਵੇਰੇ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕਰਦੇ ਹੋਏ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪ੍ਰਵਾਰਕ ਮੈਂਬਰਾਂ ਨੂੰ ਸੌਂਪ ਦਿਤੀ ਜਾਵੇਗੀ।












