
ਗਿੱਦੜਬਾਹਾ (ਦ ਸਟੈਲਰ ਨਿਊਜ਼)। ਗਿੱਦੜਬਾਹਾ ਦੇ ਪਿੰਡ ਬੁੱਟਰ ਬਖੂਹਾ ਦਾ ਨੌਜਵਾਨ ਸੁਖਪ੍ਰੀਤ ਸਿੰਘ ਜੋ ਭਾਰਤੀ ਫ਼ੌਜ ਦੀ 19 ਜੰਮੂ ਐਂਡ ਕਸ਼ਮੀਰ ਰਾਇਫਲ ਵਿਖੇ ਤਾਇਨਾਤ ਸੀ, ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਜਾਣਕਾਰੀ ਅਨੁਸਾਰ ਸੁਖਪ੍ਰੀਤ ਸਿੰਘ ਜੋ ਆਰਮੀ ਰਾਈਫਲ ਮੈਨ ਵਜੋਂ ਰਾਜੌਰੀ ਦੇ ਸੁੰਦਰਬਣੀ ਸੈਕਟਰ ਵਿਖੇ ਤਾਇਨਾਤ ਸੀ ਮੰਗਲਵਾਰ ਅਤੇ ਬੁਧਵਾਰ ਦੀ ਦਰਮਿਆਨੀ ਰਾਤ ਪੈਰ ਫਿਸਲਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੇ ਗੰਭੀਰ ਸੱਟਾਂ ਲੱਗੀਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਸੁਖਪ੍ਰੀਤ ਸਿੰਘ ਦਾ ਕੁੱਝ ਮਹੀਨਿਆਂ ਬਾਅਦ ਵਿਆਹ ਹੋਣਾ ਸੀ ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਪਰਿਵਾਰ ਵਿਚ ਉਸ ਦੇ ਵਿਆਹ ਦੀਆਂ ਤਿਆਰੀਆਂ ਅਤੇ ਖ਼ੁਸ਼ੀਆਂ ਦਾ ਮਾਹੌਲ ਇਕ ਪਲ ਵਿਚ ਮਾਤਮ ਵਿਚ ਬਦਲ ਗਿਆ। ਸੱਭ ਤੋਂ ਵੱਧ ਦੁੱਖ ਉਸ ਦੀ ਭੈਣ ਨੂੰ ਪਹੁੰਚਿਆ, ਜੋ ਇਸ ਸਮੇਂ ਕੈਨੇਡਾ ਵਿਚ ਰਹਿ ਰਹੀ ਹੈ। ਪਰਿਵਾਰ ਅਨੁਸਾਰ ਸੁਖਪ੍ਰੀਤ ਸਿੰਘ ਦਾ ਅੰਤਿਮ ਸਸਕਾਰ 24 ਜੁਲਾਈ ਨੂੰ ਉਸ ਦੇ ਜੱਦੀ ਪਿੰਡ ਬੁੱਟਰ ਬਖੂਹਾ ਵਿਖੇ ਪੂਰੇ ਸਰਕਾਰੀ ਅਤੇ ਫ਼ੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ।











