
ਦਿੱਲੀ (ਦ ਸਟੈਲਰ ਨਿਊਜ਼)। ਮਾਸਕੋ ਵਿੱਚ ਇੱਕ ਰੈਸਟੋਰੈਂਟ ਨੇੜੇ ਇਕ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ 21 ਹੋਰ ਜ਼ਖਮੀ ਹੋ ਗਏ। ਰੂਸੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਸ਼ਨੀਵਾਰ ਸ਼ਾਮ ਨੂੰ ਕੇਂਦਰੀ ਮਾਸਕੋ ਵਿੱਚ ਇੱਕ ਉੱਚ ਪੱਧਰੀ ਰੈਸਟੋਰੈਂਟ ਦੇ ਨੇੜੇ ਹੋਇਆ ਜਦੋਂ ਇੱਕ ਨਿੱਜੀ ਸਮਾਗਮ ਚੱਲ ਰਿਹਾ ਸੀ। ਇੱਕ ਔਰਤ ਘਰ ਤੋਂ ਬੰਬ ਬਣਾ ਕੇ ਲੈ ਕੇ ਆਈ ਹੋਈ ਸੀ, ਜਿਸ ਨਾਲ ਉਸਦੀ ਵੀ ਮੌਤ ਹੋ ਗਈ।

ਰੂਸ ਦੀ ਸਰਕਾਰੀ ਖ਼ਬਰ ਏਜੰਸੀ ਆਰਆਈਏ ਨੋਵੋਸਤਕੀ ਨੇ ਦੇਸ਼ ਦੀ ਰਾਸ਼ਟਰੀ ਅੱਤਵਾਦ ਵਿਰੋਧੀ ਕਮੇਟੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇੱਕ ਅਣਪਛਾਤੀ ਔਰਤ ਕੁਦਰਿੰਸਕਾਇਆ ਸਕੁਏਅਰ ‘ਤੇ ਬਾਲਜ਼ੀ ਰੋਸੀ ਰੈਸਟੋਰੈਂਟ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਇੱਕ ਸੁਰੱਖਿਆ ਗਾਰਡ ਨੇ ਉਸਨੂੰ ਰੋਕ ਲਿਆ। ਔਰਤ ਇੱਕ ਇੰਪ੍ਰੋਵਾਈਜ਼ਡ ਵਿਸਫੋਟਕ ਯੰਤਰ (ਆਈਈਡੀ) ਲੈ ਕੇ ਜਾ ਰਹੀ ਸੀ, ਜੋ ਰੈਸਟੋਰੈਂਟ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਵਿਸਫੋਟ ਹੋ ਗਿਆ। ਧਮਾਕੇ ਵਿੱਚ ਔਰਤ, ਉਸਨੂੰ ਰੋਕਣ ਵਾਲੇ ਸੁਰੱਖਿਆ ਗਾਰਡ ਅਤੇ ਇੱਕ ਗਾਹਕ ਦੀ ਮੌਤ ਹੋ ਗਈ।
ਰੂਸੀ ਅਧਿਕਾਰੀਆਂ ਨੇ ਔਰਤ ਦੀ ਪਹਿਚਾਣ ਨਹੀਂ ਦੱਸੀ ਹੈ ਜਾਂ ਇਹ ਨਹੀਂ ਦੱਸਿਆ ਹੈ ਕਿ ਉਸਨੇ ਇਸ ਤਰ੍ਹਾਂ ਕਿਉਂ ਕੀਤਾ। ਇਹ ਵੀ ਸਪੱਸ਼ਟ ਨਹੀਂ ਹੈ ਕਿ ਕੀ ਉਸਨੇ ਜਾਣਬੁੱਝ ਕੇ ਬੰਬ ਧਮਾਕਾ ਕੀਤਾ ਸੀ। ਸ਼ੁਰੂਆਤੀ ਰਿਪੋਰਟਾਂ ਵਿੱਚ ਧਮਾਕੇ ਦਾ ਕਾਰਨ ਗੈਸ ਸਿਲੰਡਰ ਵਿਸਫੋਟ ਸੀ, ਪਰ ਰੂਸੀ ਅੱਤਵਾਦ ਵਿਰੋਧੀ ਕਮੇਟੀ ਨੇ ਬਾਅਦ ਵਿੱਚ ਕਿਹਾ ਕਿ ਇਹ ਇੱਕ ਆਈਈਡੀ ਸੀ।












