
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ, ਪੰਜਾਬ ਦੇ ਅਧਾਰਤ ਬਣੀ ਸਾਂਝੀ ਤਾਲਮੇਲ ਕਮੇਟੀ ਵਲੋਂ ਮੁੱਖ ਮੰਤਰੀ ਦੇ ਘਟੀਆ ਵਿਵਹਾਰ ਅਤੇ ਮੀਟਿੰਗ ਤੋਂ ਭੱਜਣ ਦੇ ਵਿਰੋਧ ਵਿੱਚ ਮੁੱਖ ਮੰਤਰੀ ਦੀਆਂ ਅਰਥੀਆਂ ਫੂਕਣ ਦੇ ਦਿੱਤੇ ਸੱਦੇ ਤਹਿਤ ਅੱਜ ਜਿੱਥੇ ਸਿਵਲ ਸਰਜਨ ਦਫਤਰ ਦੇ ਸਾਹਮਣੇ ਮੁੱਖ ਮੰਤਰੀ ਦੀ ਅਰਥੀ ਫੂਕੀ ਗਈ ਅਤੇ ਮੁਲਾਜ਼ਮਾਂ ਵੱਲੋਂ ਖੂਬ ਪਿਟ ਸਿਆਪਾ ਕੀਤਾ ਗਿਆ।

ਇਸ ਮੌਕੇ ਆਗੂਆਂ ਵੱਲੋ ਮੁੱਖ ਮੰਤਰੀ ਦੇ ਹੰਕਾਰ ਭਰੇ ਵਤੀਰੇ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਮਾਨਯੋਗ ਹਾਈ ਕੋਰਟ ਦੇ ਫੈਸਲੇ ਤਹਿਤ ਤੁਰੰਤ ਮਹਿਗਾਈ ਭੱਤੇ ਦਾ ਭੁਗਤਾਨ ਕਰੇ ਅਤੇ ਮੰਗ ਪੱਤਰ ਵਿੱਚ ਦਰਜ ਬਾਕੀ ਮੰਗਾਂ ਦਾ ਨਿਪਟਾਰਾ ਕਰੇ। ਇਸ ਮੌਕੇ ਆਗੂਆਂ ਵਲੋਂ 27 ਅਗਸਤ ਨੂੰ ਸਮੂਹਿਕ ਛੁੱਟੀ ਲੈਕੇ ਰੋਸ ਧਰਨਿਆਂ ਵਿੱਚ ਵੱਡੇ ਪੱਧਰ ਤੇ ਕੀਤੀ ਸ਼ਮੂਲੀਅਤ ਲਈ ਧੰਨਵਾਦ ਕੀਤਾ ਅਤੇ ਸਰਕਾਰ ਵਲੋਂ ਛੁੱਟੀ ਸਬੰਧੀ ਜੋ ਪੱਤਰ ਜਾਰੀ ਕੀਤਾ ਹੈ, ਉਸਦੀ ਨਿਖੇਧੀ ਕਰਦਿਆਂ ਉਸ ਨੂੰ ਵੀ ਮੌਕੇ ਤੇ ਸਾੜਿਆ ਗਿਆ ਅਤੇ ਮੁੱਖ ਮੰਤਰੀ ਵੱਲੋਂ ਜੋ ਪਿਛਲੇ ਕੱਲ ਟਵੀਟ ਕਰਕੇ ਕਿਹਾ ਸੀ ਕਿ ਸੰਘਰਸ਼ ਤੇ ਮੀਟਿੰਗ ਦੋਨੋਂ ਇੱਕੋ ਸਮੇਂ ਨਹੀਂ ਹੋ ਸਕਦੇ ਉਸ ਟਵੀਟ ਦੀਆਂ ਵੀ ਕਾਪੀਆਂ ਸਾੜੀਆਂ ਗਈਆਂ।
ਇਸ ਮੌਕੇ ਸਾਂਝੀ ਤਾਲਮੇਲ ਕਮੇਟੀ ਦੇ ਸੂਬਾ ਆਗੂ ਸਤੀਸ਼ ਰਾਣਾ, ਜਿਲਾ ਆਗੂ ਅਨੁਰਿਧ ਮੋਦਗਿਲ, ਮਨਜੀਤ ਸਿੰਘ ਸੈਣੀ, ਵਰਿਆਮ ਸਿੰਘ, ਰਕੇਸ਼ ਕੁਮਾਰ, ਸਿਵਲ ਸਰਜਨ ਦਫਤਰ ਦੇ ਪ੍ਰਧਾਨ ਧਰਮਿੰਦਰ, ਜਨਰਲ ਸਕੱਤਰ ਸੰਜੀਵ ਕੁਮਾਰ, ਸਤਪਾਲ ਸੇਵਾ , ਪ੍ਰੈਸ ਸਕੱਤਰ ਗੁਰਵਿੰਦਰ ਸ਼ਾਨੇ, ਰਿਧੂ ਬਾਲਾ, ਵਿਸ਼ਾਲ ਪੂਰੀ, ਕੇਵਲ ਕ੍ਰਿਸ਼ਨ, ਰਾਮ ਲੁਭਾਇਆ, ਨੀਲਮ ਸੈਣੀ ਪ੍ਰਧਾਨ ਸਟਾਫ ਨਰਸ ਅਸੋਸੀਏਸ਼ਨ, ਨਰਸਿੰਗ ਸਿਸਟਰ ਕੁਲਰਾਜ ਕੌਰ, ਰਾਜਵਿੰਦਰ ਕੌਰ, ਲਖਬੀਰ ਕੁਮਾਰ, ਸੁਖਵਿੰਦਰ ਕੌਰ ਆਦਿ ਹਾਜ਼ਰ ਸਨ।












