
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲੇ ਅੰਦਰ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਦੇ ਮੰਤਵ ਨਾਲ ਜੰਗੀ ਪੱਧਰ ‘ਤੇ ਸਵੱਛਤਾ ਮੁਹਿੰਮ 29 ਅਗਸਤ ਤੋਂ 8 ਸਤੰਬਰ ਤੱਕ ਚਲਾਈ ਜਾਵੇਗੀ ਜਿਸ ਦੌਰਾਨ ਕੂੜੇ ਵਾਲੀਆਂ ਥਾਵਾਂ, ਖੁੱਲ੍ਹੇ ਵਿੱਚ ਕੂੜਾ ਸੁੱਟਣ ਵਾਲੀਆਂ ਥਾਵਾਂ ਅਤੇ ਉਹ ਥਾਂ, ਜਿੱਥੇ ਅਕਸਰ ਕੂੜਾ ਸੁੱਟਿਆ ਜਾਂਦਾ ਹੈ, ਦੀ ਪੂਰੀ ਤਰ੍ਹਾਂ ਸਫ਼ਾਈ ਕਰਨ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਪੰਜਾਬ ਦੇ ਜੇਲ੍ਹਾਂ ਅਤੇ ਐਨ.ਆਰ.ਆਈ. ਮਾਮਲੇ ਮੰਤਰੀ ਡਾ. ਰਵਜੋਤ ਸਿੰਘ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ, ਵਿਧਾਇਕ ਬ੍ਰਮ ਸ਼ੰਕਰ ਜਿੰਪਾ, ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਵਿਧਾਇਕ ਕਰਮਬੀਰ ਸਿੰਘ ਘੁੰਮਣ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਨਗਰ ਨਿਗਮ ਅਤੇ ਕੌਂਸਲਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੁਹਿੰਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਇਸ ਨੂੰ ਸਫ਼ਲ ਬਣਾਉਣ ਲਈ ਵਿਸਥਾਰਤ ਰਣਨੀਤੀ ‘ਤੇ ਵਿਚਾਰਾਂ ਕੀਤੀਆਂ। ਮੀਟਿੰਗ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਨਾਖਤ ਕੀਤੀਆਂ ਜਾ ਚੁੱਕੀਆਂ ਥਾਵਾਂ ਤੋਂ ਇਕੱਠਾ ਹੋਇਆ ਕੂੜਾ ਪੂਰੀ ਤਰ੍ਹਾਂ ਹਟਾਇਆ ਜਾਵੇ ਅਤੇ ਮੁੜ ਕੂੜਾ ਸੁੱਟਣ ਤੋਂ ਰੋਕਣ ਲਈ ਅਸਰਦਾਰ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਿਰਫ਼ ਇਕ ਵਾਰ ਦੀ ਸਫ਼ਾਈ ਤੱਕ ਸੀਮਤ ਨਾ ਰਹੇ ਸਗੋਂ ਇਸ ਦੇ ਨਤੀਜੇ ਵਜੋਂ ਸਫ਼ਾਈ ਵਿੱਚ ਸਪੱਸ਼ਟ ਅਤੇ ਲਗਾਤਾਰ ਸੁਧਾਰ ਨਜ਼ਰ ਆਉਣਾ ਚਾਹੀਦਾ ਹੈ।
ਜਿਕਰਯੋਗ ਹੈ ਕਿ ਇਸ ਮੁਹਿੰਮ ਲਈ ਐੱਸ.ਡੀ.ਐੱਮਜ਼ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਜੋ ਰੈਗੂਲਰ ਤੌਰ ’ਤੇ ਮੌਕੇ ’ਤੇ ਜਾ ਕੇ ਸਫ਼ਾਈ ਪ੍ਰਬੰਧਾਂ ਦਾ ਨਿਰੀਖਣ ਕਰਨਗੇ ਅਤੇ ਐੱਮ.ਸੇਵਾ ਪੋਰਟਲ ’ਤੇ ਪ੍ਰਾਪਤ ਸਫ਼ਾਈ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕਰਵਾਉਣਗੇ। ਨੋਡਲ ਅਫ਼ਸਰ ਆਪਣੇ ਖੇਤਰ ਦੀਆਂ ਐੱਨ.ਜੀ.ਓਜ਼, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਮਾਰਕੀਟ ਐਸੋਸੀਏਸ਼ਨਾਂ, ਵਿਦਿਅਕ ਸੰਸਥਾਵਾਂ, ਨੌਜਵਾਨ ਜਥੇਬੰਦੀਆਂ ਅਤੇ ਹੋਰ ਸੰਸਥਾਵਾਂ ਨਾਲ ਤਾਲਮੇਲ ਕਰਕੇ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣਗੇ। ਨਗਰ ਨਿਗਮ ਅਤੇ ਕੌਂਸਲਾਂ ਨੂੰ ਲੋੜ ਅਨੁਸਾਰ ਵਾਧੂ ਸੋਮਿਆਂ ਦਾ ਪ੍ਰਬੰਧ ਕਰਨ ਤੋਂ ਇਲਾਵਾ ਲੋੜੀਂਦੀ ਗਿਣਤੀ ਵਿੱਚ ਮੁਲਾਜ਼ਮਾਂ ਦੀ ਤਾਇਨਾਤੀ, ਮਸ਼ੀਨਰੀ ਅਤੇ ਵਾਹਨ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)ਇਸ ਮੁਹਿੰਮ ਲਈ ਜ਼ਿਲ੍ਹਾ ਨੋਡਲ ਅਫ਼ਸਰ ਹੋਣਗੇ। ਜੋ ਸਮੁੱਚੀ ਪ੍ਰਗਤੀ ਦੀ ਨਿਗਰਾਨੀ ਕਰਨ ਦੇ ਨਾਲ ਸੰਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਰੋਜ਼ਾਨਾ ਪ੍ਰਗਤੀ ਰਿਪੋਰਟਾਂ ਨੂੰ ਭੇਜਣਗੇ। ਇਸੇ ਦੌਰਾਨ ਓ.ਐੱਸ.ਡੀ., ਸ਼ਹਿਰੀ ਮਾਮਲੇ ਵੱਲੋਂ ਮੁਹਿੰਮ ਦੌਰਾਨ ਹਰ ਰੋਜ਼ ਘੱਟੋ-ਘੱਟ ਦੋ ਥਾਂਵਾਂ ਦਾ ਮੌਕੇ ’ਤੇ ਜਾ ਕੇ ਨਿਰੀਖਣ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮੁਹਿੰਮ ਦੌਰਾਨ ਸ਼ਨਾਖਤ ਕੀਤੇ ਜਾ ਚੁੱਕੇ ਕੂੜੇ ਦੇ ਢੇਰ ਵਾਲੇ ਥਾਵਾਂ ਦੀ ਪੂਰੀ ਸਫ਼ਾਈ, ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਅਤੇ ਜਨਤਕ ਥਾਵਾਂ ਦੀ ਲਗਾਤਾਰ ਸਫ਼ਾਈ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸਫ਼ਾਈ ਪ੍ਰਬੰਧਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਸਫ਼ਾਈ ਸਬੰਧੀ ਕਮੀਆਂ ਨੂੰ ਦੂਰ ਕਰਨ ਵਿੱਚ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੀਟਿੰਗ ਵਿੱਚ ਮੇਅਰ ਪਰਵੀਨ ਸੈਣੀ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੀ.ਐੱਸ. ਪਾਬਲਾ, ਹਲਕਾ ਇੰਚਾਰਜ ਮੁਕੇਰੀਆਂ ਸਰਬਜੋਤ ਸਿੰਘ ਸਾਬੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ: ਹੁਸ਼ਿਆਰਪੁਰ ਵਿਖੇ ਪੰਜਾਬ ਦੇ ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ, ਵਿਧਾਇਕ ਬ੍ਰਮ ਸ਼ੰਕਰ ਜਿੰਪਾ, ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਅਤੇ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਸਫਾਈ ਮੁਹਿੰਮ ਬਾਰੇ ਮੀਟਿੰਗ ਕਰਦੇ ਹੋਏ।












