
ਚੰਡੀਗੜ੍ਹ (ਦ ਸਟੈਲਰ ਨਿਊਜ਼)। 1 ਸਤੰਬਰ ਤੋਂ ਚੰਡੀਗੜ੍ਹ-ਮੁਹਾਲੀ ਸਰਹੱਦ ਵਿਖੇ ਮੰਗਾਂ ਨੂੰ ਲੈ ਕੇ ਧਰਨਾ ਲਾ ਕੇ ਬੈਠੇ ਕਿਸਾਨਾਂ ਨੂੰ ਆਖਿਰਕਾਰ ਜਿੱਤ ਪ੍ਰਾਪਤ ਹੋ ਗਈ ਹੈ। ਪੰਜਾਬ ਸਰਕਾਰ ਨੇ ਅੱਜ ਕਿਸਾਨਾਂ ਦੇ ਰੋਹ ਅੱਗੇ ਝੁਕਦਿਆਂ ਮੰਗਾਂ ਨੂੰ ਲਾਗੂ ਕਰਨ ਸਬੰਧੀ ਲਿਖਤੀ ਰੂਪ ਵਿੱਚ ਮੰਨ ਲਿਆ ਹੈ, ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਖਿਰਕਾਰ ਕਿਸਾਨਾਂ ਦੀ ਵੱਡੀ ਜਿੱਤ ਹੋਈ ਹੈ, ਪੰਜਾਬ ਸਰਕਾਰ ਵੱਲੋਂ ਲਿਖਤੀ ਰੂਪ ਵਿੱਚ ਮੰਗਾਂ ਮੰਨੇ ਜਾਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਚਿੱਪ ਵਾਲੇ ਬਿਜਲੀ ਮੀਟਰਾਂ ਅਤੇ ਬਿਜਲੀ ਸੋਧ ਖਿਲਾਫ਼ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਮਤਾ ਪਾਇਆ ਜਾਵੇਗਾ। ਨਾਲ ਹੀ ਕਿਸਾਨਾਂ ਦੀ ਕਰਜ਼ਾ ਮਾਫੀ ਲਈ ਵਨ ਟਾਈਮ ਸੈਟਲਮੈਂਟ ਸਬੰਧੀ ਵੀ ਮਤਾ ਪਾਇਆ ਜਾਵੇਗਾ। ਇਸਤੋਂ ਇਲਾਵਾ ਦੇਸ਼ ਭਰ ਵਿੱਚ ਗੰਨੇ ਦਾ ਭਾਅ ਪੰਜਾਬ ਵਿੱਚ ਹੁਣ ਸਭ ਤੋਂ ਵੱਧ ਦੇਣ ਦਾ ਭਰੋਸਾ ਵੀ ਦਿੱਤਾ ਗਿਆ ਹੈ ਅਤੇ ਮੰਗ ਅਨੁਸਾਰ ਕੋਈ ਗੰਨਾ ਮਿੱਲ ਕਿਸਾਨਾਂ ਦਾ ਬਕਾਇਆ ਨਹੀਂ ਰੱਖ ਸਕੇਗੀ।

ਕਿਸਾਨ ਆਗੂ ਰਾਜੇਵਾਲ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਕੁੱਝ ਸਮੇਂ ਬਾਅਦ ਜਾਣਕਾਰੀ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾਲ ਸਵੇਰ ਤੋਂ ਕਿਸਾਨਾਂ ਦੀ ਮੀਟਿੰਗਾਂ ਚੱਲ ਰਹੀਆਂ ਸਨ, ਪਰ ਕੋਈ ਵੀ ਲਿਖਤੀ ਭਰੋਸਾ ਨਾ ਮਿਲਣ ਕਾਰਨ ਸਥਿਤੀ ਭੰਬਲਭੂਸੇ ਵਾਲੀ ਬਣੀ ਹੋਈ ਸੀ, ਪਰ ਹੁਣ ਕਿਸਾਨਾਂ ਨੂੰ ਮੰਗਾਂ ਸਬੰਧੀ ਲਿਖਤੀ ਤੌਰ ‘ਤੇ ਮਿਲਣਾ ਵੱਡੀ ਜਿੱਤ ਹੈ। ਮੰਗਾਂ ਸਬੰਧੀ ਲਿਖਤੀ ਪੱਤਰ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਧਰਨੇ ਵਿੱਚ ਪਹੁੰਚ ਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਸੌਂਪਿਆ ਅਤੇ ਦੱਸਿਆ ਕਿ ਸਰਕਾਰ ਨੇ ਕਿਸਾਨਾਂ ਦੀਆਂ ਤਮਾਮ ਮੰਗਾਂ ਮੰਨ ਲਈਆਂ ਹਨ। ਉਨ੍ਹਾਂ ਮੋਰਚੇ ਵਿੱਚ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਭਰੋਸਾ ਦਿਵਾਇਆ ਕਿ ਇਨ੍ਹਾਂ ਸਾਰੀਆਂ ਮੰਗਾਂ ਸਬੰਧੀ 1 ਮਹੀਨੇ ਦੇ ਅੰਦਰ ਸੈਸ਼ਨ ਬੁਲਾ ਕੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਧਰਨਾ ਖਤਮ ਹੋਣ ਸਬੰਧੀ ਜਾਣਕਾਰੀ ਦਿੰਦਿਆਂ ਸਾਰੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਆਰਾਮ ਨਾਲ ਆਪੋ-ਆਪਣੇ ਘਰਾਂ ਨੂੰ ਸਹੀ ਸਲਾਮਤ ਪਹੁੰਚਣ।











