
ਹੁਸ਼ਿਆਰਪੁਰ 26 ਅਗਸਤ: ਨਗਰ ਨਿਗਮ ਹੁਸ਼ਿਆਰਪੁਰ ਦੇ ਮੁਹੱਲਾ ਸੈਨੀਟੇਸ਼ਨ ਕਮੇਟੀ ਮੁਲਾਜਮਾਂ ਵੱਲੋਂ ਪੰਜਾਬ ਨਗਰਪਾਲਿਕਾ ਕਰਮਚਾਰੀ ਸੰਗਠਨ ਦੇ ਪ੍ਰਧਾਨ ਕੁਲਵੰਤ ਸਿੰਘ ਸੈਣੀ ਦੀ ਅਗਵਾਈ ‘ਚ ਮੰਗ ਪੱਤਰ ਨਗਰ ਨਿਗਮ ਕਮਿਸ਼ਨਰ ਅਨੰਦ ਸਾਗਰ ਸ਼ਰਮਾ ਨੂੰ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਸ: ਸੈਣੀ ਨੇ ਦੱਸਿਆ ਕਿ ਜਦੋਂ ਹੁਸ਼ਿਆਰਪੁਰ ਨਗਰ ਕੌਂਸਲ ਸੀ ਉਦੋਂ 96 ਅਸਾਮੀਆਂ ‘ਤੇ 86 ਮੁਲਾਜਮ ਪੱਕੇ ਕੀਤੇ ਗਏ ਸਨ ਅਤੇ ਬਾਕੀ ਮੁਲਾਜ਼ਮਾਂ ਨੂੰ ਡੀ.ਸੀ ਰੇਟ ‘ਤੇ ਤਨਖਾਹ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪ੍ਰੰਤੂ ਅੱਜ ਤੱਕ ਨਾ ਤਾਂ ਉਨ੍ਹਾਂ ਮੁਲਾਜਮਾਂ ਨੂੰ ਪੱਕਾ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਡੀ.ਸੀ ਰੇਟ ‘ਤੇ ਤਨਖਾਹ ਦਿੱਤੀ ਜਾ ਰਹੀ ਹੈ। ਇਹ ਮੁਲਾਜਮ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ‘ਤੇ ਕੰਮ ਕਰ ਰਹੇ ਹਨ ਜਦੋਂ ਕਿ ਪ੍ਰਧਾਨ ਮੰਤਰੀ ਅਨੁਸਾਰ ਕਿਸੇ ਵੀ ਮੁਲਾਜਮ ਨੂੰ 9500 ਰੁਪਏ ਪ੍ਰਤੀ ਮਹੀਨਾ ਤੋਂ ਘੱਟ ਲੇਬਰ ਨਾ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ‘ਚ 843 ਸਫਾਈ ਸੇਵਕ, 18 ਸੈਨਟਰੀ ਸੁਪਰਵਾਈਜ਼ਰ, 18 ਸੀਵਰਮੈਨ ਅਤੇ 12 ਡਰਾਈਵਰਾਂ ਦੀ ਲੋੜ ਹੈ ਪੰਤੂ ਸ਼ਹਿਰ ਦੀ ਅਬਾਦੀ ਦੇ ਮੁਤਾਬਿਕ ਮੁਲਾਜਮ ਨਹੀਂ ਰੱਖੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਮੁਲਾਜਮਾਂ ਨੂੰ ਡੀ.ਸੀ ਰੇਟ ‘ਤੇ ਤਨਖਾਹ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਆਸਾਨੀ ਨਾਲ ਕਰ ਸਕਣ। ਉਨ੍ਹਾਂ ਕਿਹਾ ਕਿ ਜੇਕਰ 30 ਦਿਨਾਂ ਦੇ ਅੰਦਰ-ਅੰਦਰ ਉਕਤ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜਗਦੀਸ਼ ਕੁਮਾਰ, ਸੋਮ ਨਾਥ, ਬਲਰਾਮ, ਅਸ਼ੋਕ, ਅਸ਼ਵਨੀ ਕੁਮਾਰ, ਰਵਿੰਦਰ ਕਾਕਾ, ਭੁਪਿੰਦਰ ਆਦੀਆ, ਰਾਜ ਕੁਮਾਰ, ਲਾਲ ਚੰਦ, ਜਤਿੰਦਰ, ਮੰਗਤ ਰਾਮ, ਨਰਿੰਦਰ ਕੁਮਾਰ ਆਦਿ ਵੀ ਹਾਜ਼ਰ ਸਨ।












