ਮਜ਼ਦੂਰਾਂ ਦੀ ਸੰਭਾਵਤ ਘਾਟ ਦੇ ਮੱਦੇਨਜ਼ਰ, ਝੋਨੇ ਦੀ ਸਿੱਧੀ ਬਿਜਾਈ ਬੇਹਤਰ ਵਿਕਲਪ: ਡਾ.ਅਮਰੀਕ ਸਿੰਘ

ਪਠਾਨਕੋਟ (ਦ ਸਟੈਲਰ ਨਿਊਜ਼)। ਕਰੋਨਾ ਵਾਇਰਸ ਦੇ ਚੱਲਦਿਆਂ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਸੰਭਾਵਤ ਘਾਟ ਨੂੰ ਮੁੱਖ ਰੱਖਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਪਠਾਨਕੋਟ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਬਲਾਕ ਪਠਾਨਕੋਟ ਦੇ ਪਿੰਡ ਫੁਲੜਾ ਦੇ ਕਿਸਾਨ ਬੂਟਾ ਰਾਮ ਦੇ ਖੇਤਾਂ ਵਿੱਚ ਕਣਕ ਬੀਜਣ ਵਾਲੀ ਜ਼ੀਰੋ ਡਰਿਲ ਵਿੱਚ ਕੁਝ ਤਬਦੀਲੀਆਂ ਕਰਕੇ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਪ੍ਰੀਖਣ ਸਫਲਤਾ ਪੂਰਵਕ ਕੀਤਾ ਗਿਆ। ਇਸ ਮੌਕੇ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਜੀਵਨ ਲਾਲ, ਵਿਜੇ ਕੁਮਾਰ, ਬੂਟਾ ਰਾਮ ਸਮੇਤ ਕਈ ਕਿਸਾਨ ਹਾਜ਼ਰ ਸਨ।

Advertisements

ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ, ਕਰੋਨਾ ਵਾਇਰਸ ਦੇ ਚੱਲਦਿਆਂ ਝੋਨੇ ਦੀ ਲਵਾਈ ਸਮੇਂ ਆਉਣ ਵਾਲੀ, ਮਜ਼ਦੂਰਾਂ ਦੀ ਸੰਭਾਵਿਤ ਘਾਟ ਦਾ ਇਕ ਬੇਹਤਰ ਵਿਕਲਪ ਹੋ ਸਕਦਾ ਹੈ। ਉਨਾਂ ਕਿਹਾ ਕਿ ਜੂਨ ਮਹੀਨੇ ਵਿਚ ਸਿੱਧੀ ਬਿਜਾਈ ਨਾਲ ਬੀਜੇ ਝੋਨੇ ਦੀ ਫਸਲ ਚੰਗਾ ਝਾੜ ਅਤੇ ਚੰਗਾ ਮਿਆਰ ਦਿੰਦੀ ਹੈ ਅਤੇ ਮਈ ਮਹੀਨੇ ਵਿੱਚ ਅਗੇਤੀ ਬਿਜਾਈ ਕਰਨ ਨਾਲ ਪਾਣੀ ਦੀ ਖਪਤ ਜ਼ਿਆਦਾ ਹੁੰਦੀ ਹੈ ਅਤੇ ਨਦੀਨਾਂ ਦੀ ਸਮੱਸਿਆ ਵੀ ਜ਼ਿਆਦਾ ਆਉਂਦੀ ਹੈ। ਉਨਾਂ ਨੇ ਕਿਹਾ ਕਿ ਝੋਨਾ ਬੀਜਣ ਵਾਲੀਆ ਡਰਿੱਲਾਂ ਦੀ ਘਾਟ ਕਾਰਨ ਸਕੱਤਰ ਖੇਤੀਬਾੜੀ ਵਿਭਾਗ ਕਾਹਨ ਸਿੰਘ ਪੰਨੂ ਦੇ ਨਿਰਦੇਸ਼ਾਂ ਤੇ ਬੂਟਾ ਰਾਮ ਵਾਸੀ ਪਿੰਡ ਫੁਲੜਾ ਦੀ ਕਣਕ ਬੀਜਣ ਵਾਲੀ ਜ਼ੀਰੋ ਡਰਿੱਲ ਵਿੱਚ ਹੀ ਕੁਝ ਤਬਦੀਲੀਆਂ ਕਰਕੇ ਝੋਨਾ ਬੀਜਣ ਦਾ ਪ੍ਰੀਖਣ ਕੀਤਾ ਗਿਆ ਜੋ ਬਹੁਤ ਸਫਲ ਰਿਹਾ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਜੋ ਵੀ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨਾ ਚਾਹੁੰਦਾ ਹੈ ਉਹ ਖੇਤੀ ਮਾਹਿਰਾਂ ਨਾਲ ਸੰਪਰਕ ਕਰੇ ਤਾਂ ਜੋ ਸਹੀ ਤਕਨੀਕੀ ਅਗਵਾਈ ਦਿੱਤੀ ਜਾ ਸਕੇ ਅਤੇ ਕਿਸਾਨ ਨੂੰ ਕਿਸੇ ਕਿਸਮ ਦੀ ਸਮੱਸਿਆਂ ਦਾ ਸਾਹਮਣਾ ਨਾਂ ਕਰਨਾ ਲਵੇ। ਉਨਾਂ ਕਿਹਾ ਕਿ ਜੂਨ ਦਾ ਪਹਿਲਾ ਪੰਦਰਵਾੜਾ ਝੋਨੇ ਦੀ ਸਿੱਧੀ ਬਿਜਾਈ ਲਈ ਅਤੇ ਬਾਸਮਤੀ ਲਈ ਜੂਨ ਦਾ ਦੂਜਾ ਪੰਦਰਵਾੜਾਂ ਢੁਕਵਾਂ ਸਮਾਂ ਹੈ।

ਉਨਾਂ ਕਿਹਾ ਕਿ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਪੀ ਆਰ 126 ਅਤੇ ਪੂਸਾ ਬਾਸਮਤੀ 1509 ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਵਿੱਚ ਵੀ ਕੀਤੀ ਜਾ ਸਕਦੀ ਹੈ। ਉਨਾਂ ਨੇ ਕਿਹਾ ਕਿ ਨਦੀਨਾਂ ਦੀ ਰੋਖਥਾਮ ਲਈ ਛਿੜਕਾਅ ਤਕਨੀਕਾਂ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ ਅਤੇ ਨਦੀਨਾਸ਼ਕਾਂ ਦਾ ਛਿੜਕਾਅ ਸ਼ਾਮ ਜਾਂ ਸਵੇਰ ਸਮੇਂ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਤਰ ਵੱਤਰ ਵਿੱਚ ਹੀ ਕੀਤੀ ਜਾਵੇ ਤਾਂ ਬਿਹਤਰ ਹੈ। ਉਨਾਂ ਕਿਹਾ ਕਿ ਰੌਣੀ ਉਪਰੰਤ ਖੇਤ ਤਰ ਵੱਤਰ ਦੀ ਹਾਲਤ ਵਿਚ ਆਉਣ ਤੇ ਦੋ ਵਾਰ ਹੱਲਾਂ ਨਾਲ ਵਾਹ ਕੇ ਤੇ ਸੁਹਾਗੇ ਦੀ ਦੋਹਰ ਪਾ ਕੇ ਤੁਰੰਤ ਬਿਜਾਈ ਕਰ ਦਿਉ। ਉਨਾਂ ਕਿਹਾ ਕਿ ਬਿਜਾਈ ਕਰਨ  ਤੋਂ ਪਹਿਲਾਂ ਬੀਜ ਨੂੰ 8-12 ਘੰਟੇ ਤਕ ਪਾਣੀ ਵਿਚ ਭਿਉਂ ਕੇ ਰੱਖਣ ਤੋਂ ਬਾਅਦ ਛਾਵੇਂ ਸੁਕਾ ਕੇ ਉੱਲੀਨਾਸ਼ਕ ਦਵਾਈ ਨਾਲ ਸੋਧ ਲਵੋ। ਉਨਾਂ ਨੇ ਕਿਹਾ ਕਿ ਨਦੀਨਾਂ ਦੀ ਸਮੱਸਿਆ ਅਤੇ ਖੁਰਾਕੀ ਤੱਤਾਂ ਖਾਸ ਕਰਕੇ ਲੋਹੇ ਦੀ ਘਾਟ ਤੋਂ ਬਚਾਅ ਲਈ ਪਹਿਲਾ ਪਾਣੀ ਦੇਰੀ ਨਾਲ, ਤਕਰੀਬਨ 21 ਦਿਨਾਂ ਬਾਅਦ ਲਾਉ।ਉਨਾਂ ਕਿਹਾ ਕਿ ਬਹੁਤ ਸਾਰੇ ਕਿਸਾਨ ਇਸ ਵਿਧੀ ਵਿੱਚ ਰੁਚੀ ਦਿਖਾ ਰਹੇ ਹਨ ਅਤੇ ਕਈ ਕਿਸਾਨ ਪਹਿਲੀ ਵਾਰ ਇਸ ਵਿਧੀ ਨੂੰ ਅਪਣਾ ਰਹੇ ਹਨ ਇਸ ਲਈ ਇਸ ਤਕਨੀਕ ਦੇ ਤਕਨੀਕੀ ਨੁਕਤਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਸੇ ਕਿਸਮ ਦੀ ਸਮੱਸਿਆਂ ਨਾਂ ਆਵੇ।

LEAVE A REPLY

Please enter your comment!
Please enter your name here