Friday, October 30, 2026
Home Chandigarh ਲੁਟੇਰਿਆਂ-ਅਪਰਾਧੀਆਂ ਦੇ ਅੰਤਰ-ਰਾਜੀ ਗੈਂਗ ਦੇ ਤਿੰਨ ਮੈਂਬਰ ਕਾਬੂ, 11 ਹੋਰ ਦੀ ਭਾਲ...

ਲੁਟੇਰਿਆਂ-ਅਪਰਾਧੀਆਂ ਦੇ ਅੰਤਰ-ਰਾਜੀ ਗੈਂਗ ਦੇ ਤਿੰਨ ਮੈਂਬਰ ਕਾਬੂ, 11 ਹੋਰ ਦੀ ਭਾਲ ਜਾਰੀ

ਚੰਡੀਗੜ (ਦ ਸਟੈਲਰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰ ‘ਤੇ ਹੋਏ ਹਮਲੇ ਅਤੇ ਕਤਲ ਦੇ ਕੇਸ ਨੂੰ ਸੁਲਝਾਉਣ ਦਾ ਐਲਾਨ ਕੀਤਾ ਹੈ ਅਤੇ ਲੁਟੇਰਿਆਂ-ਅਪਰਾਧੀਆਂ ਦੇ ਅੰਤਰ-ਰਾਜੀ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪਠਾਨਕੋਟ ਜ਼ਿਲੇ ਵਿੱਚ ਥਾਣਾ ਸ਼ਾਹਪੁਰ ਕੰਢੀ ਦੇ ਪਿੰਡ ਥਰਿਆਲ ਵਿੱਚ 19 ਅਗਸਤ ਦੀ ਰਾਤ ਨੂੰ ਵਾਪਰੀ ਘਟਨਾ ਵਿੱਚ ਕੀਤੀਆਂ ਗ੍ਰਿਫਤਾਰੀਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ 11 ਹੋਰ ਦੋਸ਼ੀਆਂ ਨੂੰ ਅਜੇ ਗ੍ਰਿਫਤਾਰ ਕੀਤਾ ਜਾਣਾ ਹੈ।
ਰੈਣਾ ਦਾ ਅੰਕਲ ਅਸ਼ੋਕ ਕੁਮਾਰ ਜੋ ਠੇਕੇਦਾਰ ਸਨ, ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਨ•ਾਂ ਦੇ ਪੁੱਤਰ ਕੌਸ਼ਲ ਕੁਮਾਰ 31 ਅਗਸਤ ਨੂੰ ਦਮ ਤੋੜ ਗਏ ਅਤੇ ਉਹਨਾਂ ਦੀ ਪਤਨੀ ਆਸ਼ਾ ਰਾਣੀ ਦੀਨਾ ਨਾਜ਼ੁਕ ਹਾਲਤ ਵਿੱਚ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਹਮਲੇ ਵਿੱਚ ਜ਼ਖਮੀਆਂ ਹੋਏ ਦੋ ਹੋਰ ਵਿਅਕਤੀਆਂ ਨੂੰ ਹਸਪਤਾਲ ਵਿੱਚੋਂ ਛੁੱਟੀ ਕਰ ਦਿੱਤੀ ਹੈ।
ਇਸ ਘਟਨਾ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਨੇ ਮਾਮਲੇ ਦੀ ਵਿਸਥਾਰ ਅਤੇ ਤੇਜ਼ੀ ਨਾਲ ਜਾਂਚ ਕਰਨ ਲਈ ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕਰਨ ਦੇ ਹੁਕਮ ਦਿੱਤੇ ਸਨ ਜਿਸ ਵਿੱਚ ਪਠਾਨਕੋਟ ਦੇ ਐਸ.ਐਸ.ਪੀ., ਐਸ.ਪੀ. (ਇਨਵੈਸਟੀਗੇਸ਼ਨ) ਅਤੇ ਡੀ.ਐਸ.ਪੀ. ਧਾਰ ਕਲਾਂ ਇਸ ਦੇ ਮੈਂਬਰ ਹਨ।  ਡੀ.ਜੀ.ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਐਸ.ਆਈ.ਟੀ. ਨੇ ਕੇਸ (ਐਫ.ਆਈ.ਆਰ. 153 ਮਿਤੀ 20 ਅਗਸਤ, 2020 ਆਈ.ਪੀ.ਸੀ. ਦੀ ਧਾਰਾ 460/459/458) ਨਾਲ ਸਬੰਧਤ ਪ੍ਰਸਥਿਤੀਆਂ ਅਤੇ ਵਿਵਾਹਰਕ ਸਬੂਤਾਂ ਨੂੰ ਇਕੱਤਰ ਕੀਤਾ ਅਤੇ ਪੜਤਾਲ ਦੌਰਾਨ ਆਈ.ਪੀ.ਸੀ. ਦੀ ਧਾਰਾ 302, 307, 148, 149 ਵੀ ਜੋੜੀ ਗਈ। ਜਾਂਚ ਵਿੱਚ 100 ਤੋਂ ਵੱਧ ਮਸ਼ਕੂਕ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ।
15 ਸਤੰਬਰ ਨੂੰ ਐਸ.ਆਈ.ਟੀ. ਨੂੰ ਸੂਚਨਾ ਪ੍ਰਾਪਤ ਹੋਈ ਕਿ ਤਿੰਨ ਸ਼ੱਕੀਆਂ, ਇਹਨਾਂ ਨੂੰ ਘਟਨਾ ਤੋਂ ਬਾਅਦ ਸਵੇਰ ਵੇਲੇ ਡਿਫੈਂਸ ਰੋਡ ‘ਤੇ ਦੇਖਿਆ ਗਿਆ ਸੀ, ਪਠਾਨਕੋਟ ਰੇਲਵੇ ਸਟੇਸ਼ਨ ਨੇੜੇ ਝੁੱਗੀਆਂ ਵਿੱਚ ਰਹਿ ਰਹੇ ਸਨ। ਪੁਲੀਸ ਨੇ ਛਾਪਾ ਮਾਰਿਆ ਅਤੇ ਇਹਨਾਂ ਤਿੰਨਾਂ ਨੂੰ ਕਾਬੂ ਕਰ ਲਿਆ।
ਡੀ.ਜੀ.ਪੀ. ਮੁਤਾਬਕ ਇਹਨਾਂ ਦੀ ਪਛਾਣ ਸਾਵਣ ਉਪਰ ਮੈਚਿੰਗ, ਮੋਹੱਬਤ ਅਤੇ ਸ਼ਾਹਰੁਖ ਖਾਨ ਵਜੋਂ ਹੋਈ ਹੈ ਜੋ ਮੌਜੂਦਾ ਸਮੇਂ ਰਾਜਨਥਾਨ ਦੇ ਜ਼ਿਲਾ ਚਿਵਾੜਾ ਅਤੇ ਪੀਲਾਨੀ ਝੁੱਗੀਆਂ ਦੇ ਵਾਸੀ ਹਨ। ਇਹਨਾਂ ਪਾਸੋਂ ਸੋਨੀ ਦੀ ਮੁੰਦਰੀ, ਮਹਿਲਾ ਦੀ ਇਕ ਮੁੰਦਰੀ, ਮਹਿਲਾ ਦੀ ਇਕ ਸੋਨੇ ਦੀ ਚੇਨ ਅਤੇ 1530 ਰੁਪਏ ਬਰਾਮਦ ਕੀਤੇ ਗਏ। ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਇਹ ਗੈਂਗ ਬਾਕੀਆਂ ਨਾਲ ਰਲ ਕੇ ਆਪਣੀਆਂ ਸਰਗਰਮੀਆਂ ਚਲਾ ਰਿਹਾ ਸੀ ਅਤੇ ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਪਹਿਲਾਂ ਵੀ ਅਜਿਹੇ ਕਈ ਅਪਰਾਧਾਂ ਨੂੰ ਅੰਜ਼ਾਮ ਦੇ ਚੁੱਕਾ ਹੈ। ਇਹ ਗੈਂਗ ਨਹਿਰਾਂ, ਰੇਲਵੇ ਲਾਈਨਜ਼, ਹਾਈ ਵੋਲਟੇਜ਼ ਤਾਰਾਂ ਆਦਿ ਕੁਦਰਤੀ ਨਿਸ਼ਾਨਾਂ ਤੋਂ ਬਾਅਦ 2-3 ਦੇ ਗੁਰੁੱਪਾਂ ਵਿੱਚ ਅਪਰਾਧ ਵਿੱਚ ਅਪਰਾਧ ਵਾਲੀਆਂ ਥਾਵਾਂ ਵੱਲ ਵੱਧਦੇ ਸਨ।
ਸਾਵਣ, ਜੋ ਉੱਤਰ ਪ੍ਰਦੇਸ਼ ਦਾ ਮੂਲ ਨਿਵਾਸੀ ਹੈ, ਨੇ ਐਸ.ਆਈ.ਟੀ. ਨੂੰ ਦੱਸਿਆ ਕਿ 12 ਅਗਸਤ ਨੂੰ ਉਹ ਚਿਰਾਵਾ ਅਤੇ ਪੀਲਾਨੀ ਤੋਂ ਇਕ ਆਟੋ (ਪੀ.ਬੀ. 02 ਜੀ. 9025) ਜਿਸ ਦਾ ਮਾਲਕ ਨੌਸਾਓ ਹੈ, ਗਰੁੱਪ ਵਜੋਂ ਚੱਲੇ ਸਨ। ਨੌਸਾਓ ਵੀ ਚਿਰਾਵਾ ਦੀਆਂ ਝੁੱਗੀਆਂ ਵਿੱਚ ਰਹਿ ਰਿਹਾ ਸੀ। ਨੌਸਾਓ ਤਿੰਨ ਹੋਰਾਂ ਸਮੇਤ ਰਾਸ਼ਿਦ, ਰੇਹਾਨ, ਜਬਰਾਨਾ, ਵਾਪਹਿਲਾ, ਤਵੱਜਲ ਬੀਬੀ ਅਤੇ ਇਕ ਅਗਿਆਤ ਵਿਅਕਤੀ ਨਾਲ ਸ਼ਾਮਲ ਸੀ।
ਇਹ ਵਿਅਕਤੀ ਜਗਰਾਉਂ (ਲੁਧਿਆਣਾ) ਪਹੁੰਚੇ ਜਿੱਥੇ ਤਿੰਨ ਹੋਰ ਰੀਂਡਾ, ਗੋਲੂ ਅਤੇ ਸਾਜਨ ਵੀ ਨਾਲ ਰਲ ਗਏ। ਉਹਨਾਂ ਨੇ ਹਾਰਡਵੇਅਰ ਸਟੋਰ ਤੋਂ ਇਕ ਆਰੀ, ਦੋ ਜੰਬੂਰ ਅਤੇ ਇਕ ਸਕਰਿਊ ਡਰਾਈਵਰ ਅਤੇ ਲੁਧਿਆਣਾ ਵਿੱਚ ਕੱਪੜੇ ਦੀ ਦੁਕਾਨ ਤੋਂ ਕੁਝ ਕੱਛੇ ਬਨੈਣਾਂ ਖਰੀਦੀਆਂ। ਉਹ 14 ਅਗਸਤ ਦੀ ਰਾਤ ਨੂੰ ਜਗਰਾਉਂ ਵਿੱਚ ਲੁੱਟ ਕਰਨ ਤੋਂ ਬਾਅਦ ਪਠਾਨਕੋਟ ਵੱਲ ਚਲੇ ਗਏ। ਡੀ.ਜੀ.ਪੀ. ਨੇ ਦੱਸਿਆ ਕਿ ਪਠਾਨਕੋਟ ਦੇ ਐਸ.ਐਸ.ਪੀ. ਗੁਲਨੀਤ ਖੁਰਾਣਾ ਮੁਤਾਬਕ ਪਠਾਨਕੋਟ ਵਿੱਚ ਸੰਜੂ ਨਾਂ ਦਾ ਵਿਅਕਤੀ ਜੋ ਇਲਾਕੇ ਤੋਂ ਚੰਗੀ ਤਰਾਂ  ਵਾਕਫ ਸੀ, ਵੀ ਇਹਨਾਂ ਦੇ ਨਾਲ ਰਲ ਗਿਆ। ਇਸ ਗੈਂਗ ਨੇ ਇਲਾਕੇ ਦੀ ਰੈਕੀ ਵੀ ਕੀਤੀ।
19 ਅਗਸਤ ਦੀ ਰਾਤ ਨੂੰ 7-8 ਵਜੇ ਦਰਮਿਆਨ ਮਿੱਥੀ ਕਾਰਜ ਵਿਧੀ ਮੁਤਾਬਕ ਉਹ 2-3 ਵਿਅਕਤੀਆਂ ਦੇ ਗਰੁੱਪਾਂ ਵਿੱਚ ਚੱਲੇ ਅਤੇ ਖੁੱਲੇ ਖੇਤ ਵਿੱਚ ਤੈਅ ਥਾਂ ‘ਤੇ ਪਹੁੰਚੇ ਜਿੱਥੇ ਰਾਸ਼ਿਦ, ਨੌਸਾਓ ਅਤੇ ਸੰਜੂ ਉਰਫ ਛੱਜੂ ਲੱਕੜ ਦੀਆਂ ਸੋਟੀਆਂ ਲੈਣ ਲਈ ਗਏ ਜਿੱਥੇ ਉਹਨਾਂ ਨੇ ਸਫੈਦੇ ਦਾ ਰੁੱਖ ਵੱਢਿਆ।

Advertisements

ਰੈਕੀ ਦੌਰਾਨ ਉਹਨਾਂ ਨੇ ਸ਼ਟਰਿੰਗ ਦੀ ਦੁਕਾਨ ਦੀ ਪਹਿਲਾਂ ਹੀ ਸ਼ਨਾਖ਼ਤ ਕੀਤੀ ਹੋਈ ਸੀ ਜਿੱਥੇ ਬਾਂਸ ਦੀਆਂ ਪੌੜੀਆਂ ਨੂੰ ਚੇਨ ਨਾਲ ਬੰਨਿਆ ਹੋਇਆ ਸੀ। ਪਹਿਲੇ ਦੋ ਘਰ ਜਿੱਥੇ ਉਹਨਾਂ ਨੇ ਪੌੜੀਆਂ ਰੱਖੀਆਂ ਸਨ, ਵਿੱਚ ਇਕ ਗੁਦਾਮ ਅਤੇ ਇਕ ਖਾਲੀ ਘਰ ਸੀ ਜਦਕਿ ਤੀਜਾ ਘਰ ਅਸ਼ੋਕ ਕੁਮਾਰ ਦਾ ਸੀ। ਦੋਸ਼ੀਆਂ ਵਿੱਚੋਂ ਪੰਜ ਵਿਅਕਤੀ ਛੱਤ ਵਾਲੇ ਪਾਸਿਓਂ ਪੌੜੀਆਂ ਵਰਤ ਕੇ ਘਰ ਵਿੱਚ ਦਾਖਲ ਹੋਏ ਜਿੱਥੇ ਉਹਨਾਂ ਨੇ ਤਿੰਨ ਵਿਅਕਤੀਆਂ ਨੂੰ ਚਟਾਈ ‘ਤੇ ਪਏ ਦੇਖਿਆ। ਘਰ ਵਿੱਚ ਜਾਣ ਤੋਂ ਪਹਿਲਾਂ ਉਹਨਾਂ ਨੇ ਇਹਨਾਂ ਤਿੰਨਾਂ ਦੇ ਸਿਰ ਵਿੱਚ ਸੱਟ ਮਾਰੀ ਜਿੱਥੇ ਉਹਨਾਂ ਨੇ ਨਗਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਭੱਜਣ ਤੋਂ ਪਹਿਲਾਂ ਦੋ ਹੋਰ ਵਿਅਕਤੀਆਂ ‘ਤੇ ਹਮਲਾ ਕੀਤਾ। ਇਸ ਤੋਂ ਬਾਅਦ ਦੋਸ਼ੀਆਂ ਨੇ ਨਹਿਰ ‘ਤੇ ਪਹੁੰਚਣ ਲਈ ਖੁੱਲੇ ਖੇਤ ਰਾਹੀਂ ਬਿਜਲੀ ਦੀਆਂ ਹਾਈ ਟੈਂਸ਼ਨ ਤਾਰਾਂ ਨੂੰ ਪਾਰ ਕੀਤਾ ਜਿੱਥੇ ਉਹ ਰੇਲਵੇ ਸਟੇਸ਼ਨ ‘ਤੇ ਪਹੁੰਚਣ ਲਈ ਦੋ-ਦੋ ਅਤੇ ਤਿੰਨ-ਤਿੰਨ ਦੇ ਗਰੁੱਪਾਂ ਵਿੱਚ ਵੰਡੇ ਗਏ। ਨਗਦ ਅਤੇ ਗਹਿਣੇ ਆਪਸ ਵਿੱਚ ਵੰਡ ਲੈਣ ਤੋਂ ਬਾਅਦ ਉਹ ਖਿੰਡ ਗਏ। ਫਰਾਰ ਹੋਏ 11 ਵਿਅਕਤੀਆਂ ਜਿਹਨਾਂ ਵਿੱਚੋਂ ਇਕ ਵਿਅਕਤੀ ਦੀ ਸ਼ਨਾਖ਼ਤ ਹੋ ਚੁੱਕੀ ਹੈ, ਨੂੰ ਕਾਬੂ ਕਰਨ ਅਤੇ ਇਸ ਗੈਂਗ ਦੀ ਸ਼ਮੂਲੀਅਤ ਵਾਲੀਆਂ ਹੋਰ ਡਕੈਤੀਆਂ ਨੂੰ ਸੁਲਝਾਉਣ ਲਈ ਜਾਂਚ ਅਜੇ ਜਾਰੀ ਹੈ।

LEAVE A REPLY

Please enter your comment!
Please enter your name here