
ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ, ਅਥਾਰਟੀ, ਐਸ.ਏ.ਐਸ. ਨਗਰ, ਮੁਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰ ਅਤੇ ਸਬ-ਡਵੀਜ਼ਨ ਪੱਧਰ ’ਤੇ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਦੀ ਅਗਵਾਈ ਹੇਠ 11 ਫਰਵਰੀ ਨੂੰ ਸਾਲ 2023 ਦੀ ਪਹਿਲੀ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ। ਇਸ ਕੌਮੀ ਲੋਕ ਅਦਾਲਤ ਵਿੱਚ ਸਿਵਲ, ਰੈਂਟ, ਐਮ.ਏ.ਸੀ.ਟੀ, ਕ੍ਰਿਮੀਨਲ ਕੰਪਾਊਂਡਏਬਲ, ਮਾਲ, ਟ੍ਰੈਫਿਕ ਚਲਾਨ, 138 ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, ਪਰਿਵਾਰਕ ਝਗੜੇ, ਲੇਬਰ, ਬੈਂਕ, ਟੈਲੀਕਾਮ ਕੰਪਨੀਆਂ ਨਾਲ ਸਬੰਧਤ ਅਤੇ ਹੋਰਨਾਂ ਕੇਸਾਂ ਦਾ ਨਿਪਟਾਰਾ ਕਰਵਾਉਣ ਸਬੰਧੀ ਕੇਸ ਰੱਖੇ ਜਾਣਗੇ।

ਇਸ ਲੋਕ ਅਦਾਲਤ ਵਿੱਚ ਪੈਂਡਿੰਗ ਅਤੇ ਪ੍ਰੀ-ਲਿਟੀਗੇਟਿਵ ਕੇਸ ਵੀ ਨਿਪਟਾਰੇ ਲਈ ਰਖਵਾਏ ਜਾ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਲੋਕ ਅਦਾਲਤਾਂ ਵਿੱਚ ਕੇਸ ਲਗਾਉਣ। ਉਨ੍ਹਾਂ ਕਿਹਾ ਕਿ ਇਸ ਨਾਲ ਸਮੇਂ ਅਤੇ ਧਨ ਦੀ ਬੱਚਤ ਹੁੰਦੀ ਹੈ ਅਤੇ ਇਨ੍ਹਾਂ ਲੋਕ ਅਦਾਲਤਾਂ ਦੇ ਫੈਸਲੇ ਨੂੰ ਦੀਵਾਨੀ ਡਿਕਰੀ ਦੀ ਮਾਨਤਾ ਪ੍ਰਾਪਤ ਹੈ। ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਅਦਾਲਤਾਂ ਵਿੱਚ ਭੁਗਤਾਏ ਜਾਣ ਵਾਲੇ ਟ੍ਰੈਫਿਕ ਚਲਾਨਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਵਿਅਕਤੀ ਦਾ ਟ੍ਰੈਫਿਕ ਚਲਾਨ ਅਦਾਲਤ ਵਿੱਚ ਲੱਗਿਆ ਹੋਵੇ ਤਾਂ ਉਹ ਮਿਤੀ 11 ਫਰਵਰੀ 2023 ਦੀ ਨੈਸ਼ਨਲ ਲੋਕ ਅਦਾਲਤ ਵਿੱਚ ਰੱਖੇ ਜਾਣ ਦੀ ਜਾਣਕਾਰੀ ecourts.gov.in ਦੀ ਵੈਬਸਈਟ ’ਤੇ ਜਾ ਕੇ ਆਪਣੀ ਸਟੇਟ ਅਤੇ ਜ਼ਿਲ੍ਹੇ ਦਾ ਨਾਮ ਭਰੇਗਾ ਤਾਂ ਫਿਰ ਉਸ ਤੋਂ ਬਾਅਦ ਪਾਰਟੀ ਦਾ ਨਾਮ ਅਤੇ ਚਲਾਨ ਨੰਬਰ ਲਿਖਿਆ ਜਾਵੇਗਾ ਜਿਸ ਨਾਲ ਉਸ ਨੂੰ ਟ੍ਰੈਫਿਕ ਚਲਾਨ ਕਿਸ ਅਦਾਲਤ ਵਿੱਚ ਹੈ, ਸਬੰਧੀ ਜਾਣਕਾਰੀ ਮਿਲ ਜਾਵੇਗੀ।

