
ਲੁਧਿਆਣਾ (ਦ ਸਟੈਲਰ ਨਿਊਜ਼), ਪਲਕ। ਲੁਧਿਆਣਾ ਵਿੱਚ ਪੁਲਿਸ ਲਾਈਨ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਨੂੰ ਭੇਦਭਰੇ ਹਾਲਾਤਾਂ ਵਿੱਚ ਗੋਲੀ ਲੱਗ ਗਈ। ਗੋਲੀ ਲੱਗਣ ਦੇ ਬਾਅਦ ਮੁਲਾਜ਼ਮ ਆਪ ਹੀ ਐਕਟਿਵਾ ਚਲਾ ਕੇ ਸਵੇਰੇ 4 ਵਜੇ ਘਰ ਪਹੁੰਚਿਆਂ ਪਰ ਜ਼ਖ਼ਮੀ ਹਾਲਤ ਹੋਣ ਕਾਰਨ ਘਰ ਦੇ ਬਾਹਰ ਹੀ ਡਿੱਗ ਪਿਆ। ਪਰਿਵਾਰਕ ਮੈਂਬਰਾਂ ਨੇ ਤਰੁੰਤ ਹੀ ਹਸਪਤਾਲ ਦਾਖਲ ਕਰਵਾਇਆ। ਪੁਲਿਸ ਮੁਲਾਜ਼ਮ ਦੀ ਪਹਿਚਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਉਸਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ। ਗੋਲੀ ਗੁਰਵਿੰਦਰ ਦੀ ਛਾਤੀ ਵਿੱਚ ਲੱਗੀ ਹੈ। ਫਿਲਹਾਲ ਗੋਲੀ ਲੱਗਣ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ।

ਪਤਨੀ ਸੁਨੰਦਾ ਨੇ ਦੱਸਿਆ ਕਿ 16 ਅਗਸਤ ਨੂੰ ਗੁਰਵਿੰਦਰ ਦੀ ਸਿਹਤ ਠੀਕ ਨਾ ਹੋਣ ਕਾਰਨ ਉਸਨੂੰ ਪੁਲਿਸ ਲਾਈਨ ਕੰਮ ਤੇ ਜਾਣ ਤੋਂ ਰੋਕਿਆ ਸੀ ਪਰ ਉਸ ਨੇ ਕਿਹਾ ਕਿ ਉਹ ਆਪਣੀ ਡਿਊਟੀ ਬਦਲਵਾ ਕੇ ਘੰਟੇ ਵਿੱਚ ਵਾਪਸ ਆ ਜਾਵੇਗਾ। ਥੋੜੇ ਸਮੇਂ ਬਾਅਦ ਜਦੋਂ ਉਸ ਦੀ ਪਤਨੀ ਨੇ ਗੁਰਵਿੰਦਰ ਨੂੰ ਫੋਨ ਲਗਾਇਆ ਤਾਂ ਉਸਦਾ ਫੋਨ ਬੰਦ ਸੀ। 17 ਅਗਸਤ ਨੂੰ ਗੁਰਵਿੰਦਰ ਦੀ ਜ਼ਖ਼ਮੀ ਹਾਲਤ ਵੇਖ ਕੇ ਉਸਦੀ ਪਤਨੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਗੁਰਵਿੰਦਰ ਦੀ ਪਤਨੀ ਵੀ ਪੁਲਿਸ ਮੁਲਾਜ਼ਮ ਹੈ।
ਇਸ ਦੌਰਾਨ ਅਣਪਛਾਤੇ ਲੋਕਾਂ ਦੇ ਫੋਨ ਵੀ ਆਏ। ਇਹ ਲੋਕ ਗੁਰਵਿੰਦਰ ਦੇ ਲਾਪਤਾ ਜਾਂ ਗੋਲੀ ਲੱਗਣ ਬਾਰੇ ਗੱਲ ਕਰ ਰਹੇ ਸਨ। ਇਹਨਾਂ ਲੋਕਾਂ ਨੂੰ ਉਹ ਨਹੀਂ ਜਾਣਦੀ ਹੈ। ਫੋਨ ਕਰਕੇ ਅਣਪਛਾਤੇ ਵਿਅਕਤੀ ਇਸ ਮਾਮਲੇ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਲੋਕ ਕਹਿ ਰਹੇ ਸਨ ਕਿ ਗੁਰਵਿੰਦਰ ਦੇ ਪਰਿਵਾਰ ਵਿੱਚ ਕਲੇਸ਼ ਹੋਣ ਕਾਰਨ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਪਰਿਵਾਰ ਮੁਤਾਬਕ ਗੁਰਵਿੰਦਰ ਵਿਆਹ ਤੋਂ ਬਹੁਤ ਖੁਸ਼ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਵਿੰਦਰ ਨੇ ਕਈ ਵਾਰ ਨਸ਼ੇੜੀਆਂ ਨੂੰ ਕਾਬੂ ਕੀਤਾ ਹੈ ਤੇ ਪਰਿਵਾਰ ਦਾ ਉਨ੍ਹਾਂ ਲੋਕਾਂ ਤੇ ਸ਼ੱਕ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਫਿਲਹਾਲ ਇਸ ਗੁੱਥੀ ਨੂੰ ਸੁਲਝਾਉਣ ਲਈ ਪੁਲਿਸ ਜਾਂਚ ਕਰ ਰਹੀ ਹੈ।












