
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਹਰਿਆਣਾ ਰੋਡ ਤੇ ਪਿੰਡ ਬੱਸੀ ਨੌਂ ਪੁਲੀ ਕੋਲ ਇੱਕ ਦਰਦਨਾਕ ਹਾਦਸਾ ਹੋਣ ਦੀ ਖਬਰ ਮਿਲੀ ਹੈ। ਜਿੱਥੇ ਕਿ ਤੇਜ਼ ਰਫ਼ਤਾਰ ਟਰੱਕ ਨੇ ਕਾਰ ਵਿੱਚ ਟਕੱਰ ਮਾਰ ਦਿੱਤੀ। ਇਸ ਹਾਦਸੇ ਵਿੱਚ ਸਾਬਕਾ ਫ਼ੌਜੀ ਕੈਪਟਨ ਸੰਸਾਰ ਸਿੰਘ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ਵਿੱਚ ਕਾਰ ਦੇ ਪਰਖੱਚੇ ਉੱਡ ਗਏ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਹਰਿਆਣਾ ਦੇ ਏਐਸਆਈ ਮਦਨ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਵਾਸੀ ਹੀਰਾ ਕਲੋਨੀ ਹਰਿਆਣਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਪਿਤਾ ਕੈਪਟਨ ਸੰਸਾਰ ਸਿੰਘ ਦੇਰ ਸ਼ਾਮ ਆਪਣੀ ਕਾਰ ਵਿਚ ਆਪਣੀ ਲੜਕੀ ਨੂੰ ਮਿਲਣ ਲਈ ਆਪਣੇ ਸਹੁਰੇ ਪਿੰਡ ਕੱਕੋਂਜਾ ਜਾ ਰਿਹਾ ਸੀ।

ਜਦੋਂ ਉਹ ਹੁਸ਼ਿਆਰਪੁਰ ਰੋਡ ਤੇ ਪਿੰਡ ਬੱਸੀ ਨੌਂ ਨੇੜੇ ਇੱਕ ਪੁਲੀ ਤੇ ਪਹੁੰਚਿਆ ਤਾਂ ਹੁਸ਼ਿਆਰਪੁਰ ਸਾਈਡ ਤੋਂ ਆ ਰਹੇ ਟਰੱਕ ਚਾਲਕ ਨੇ ਉਸ ਦੇ ਪਿਤਾ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ਦਾ ਪਿਤਾ ਗੰਭੀਰ ਜ਼ਖਮੀ ਹੋ ਗਿਆ। ਰਾਹਗੀਰਾਂ ਨੇ ਬੜੀ ਮੁਸ਼ਕਲ ਨਾਲ ਕੈਪਟਨ ਸੰਸਾਰ ਸਿੰਘ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ। ਸੰਸਾਰ ਸਿੰਘ ਦੀ ਦੇਰ ਰਾਤ ਇਲਾਜ ਦੌਰਾਨ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਕਾਰਵਾਈ ਕੀਤੀ ਜਾ ਰਹੀ ਹੈ।












