
ਚੰਡੀਗੜ੍ਹ (ਦ ਸਟੈਲਰ ਨਿਊਜ਼)। ਕਈ ਮਹੀਨਿਆਂ ਤੋਂ ਪੰਜਾਬ ਅਤੇ ਹਰਿਆਣਾ ਸਰਹੱਦਾਂ ਤੇ ਡੱਟੇ ਕਿਸਾਨ ਅੱਜ ਦਿੱਲੀ ਵਿੱਚ ਕੂਚ ਕਰ ਰਹੇ ਹਨ। ਜਿਸ ਤੋਂ ਬਾਅਦ ਪ੍ਰਸ਼ਾਸ਼ਨ ਵੱਲੋਂ ਸੁਰੱਖਿਆਂ ਵਧਾ ਦਿੱਤੀ ਗਈ ਹੈ। ਕਿਸਾਨਾਂ ਨੇ 101 ਲੋਕਾਂ ਦੇ ਗਰੁੱਪ ਦੀ ਸੂਚੀ ਪ੍ਰਸ਼ਾਸਨ ਨੂੰ ਸੌਂਪ ਕੇ ਅੱਗੇ ਜਾਣ ਦੀ ਇਜਾਜ਼ਤ ਮੰਗੀ ਹੈ। ਪੁਲਿਸ ਨੇ ਬਾਰਡਰ ਦੇ ਆਲੇ ਦੁਆਲੇ ਬੈਰੀਕੇਡ ਵੀ ਲਗਾ ਦਿੱਤੇ ਹਨ ਅਤੇ ਬਾਰਡਰ ਸੀਲ ਕਰ ਦਿੱਤੇ ਗਏ ਹਨ। ਇਸ ਦੌਰਾਨ ਅੰਬਾਲਾ ਵਿੱਚ ਸਕੂਲ ਅਤੇ ਇੰਟਰਨੈਟ ਸੇਵਾਵਾਂ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।

ਇੰਟਰਨੈੱਟ ਸੇਵਾ ਅੱਜ ਤੋਂ 9 ਦਸੰਬਰ ਤੱਕ ਬੰਦ ਰਹੇਗੀ। ਅੰਬਾਲਾ ਦੀ ਹਦੂਦ ਅੰਦਰ ਪੈਂਦੇ ਪਿੰਡ ਡੰਗਡੇਹੜੀ, ਲੋਹਗੜ੍ਹ, ਮਾਣਕਪੁਰ, ਡਡਿਆਣਾ, ਬੜੀ ਘੱਲ, ਲੁਹਾਰਾਂ, ਕਾਲੂ ਮਾਜਰਾ, ਦੇਵੀ ਨਗਰ, ਸੱਦੋਪੁਰ, ਸੁਲਤਾਨਪੁਰ ਅਤੇ ਕਾਕਰੂ ਦੇ ਖੇਤਰਾਂ ਵਿੱਚ ਇੰਟਰਨੈੱਟ ਸੇਵਾ ਬੰਦ ਰਹੇਗੀ। ਸੂਬਾ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਸਿਰਸਾ ਸ਼ਹਿਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਡੱਬਵਾਲੀ-ਸਿਰਸਾ ਸੜਕ ’ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਪੰਜਾਬ ਦੇ ਕਿਸਾਨ ਡੱਬਵਾਲੀ, ਸਿਰਸਾ ਰਾਹੀਂ ਦਿੱਲੀ ਜਾ ਸਕਦੇ ਹਨ।









