
ਮਾਛੀਵਾੜਾ (ਦ ਸਟੈਲਰ ਨਿਊਜ਼)। ਮਾਛੀਵਾੜਾ ਨਜ਼ਦੀਕ ਵਗਦੀ ਸਰਹਿੰਦ ਨਹਿਰ ਵਿੱਚ ਬੀਤੀ ਦੇਰ ਰਾਤ ਮਜ਼ਦੂਰਾਂ ਨਾਲ ਭਰੀ ਇੱਕ ਸਕਾਰਪਿਓ ਪਲਟ ਗਈ। ਇਸ ਹਾਦਸੇ ਦੌਰਾਨ 1 ਵਿਅਕਤੀ ਦੀ ਡੁੱਬਣ ਕਾਰਨ ਮੌਤ ਹੋ ਗਈ, ਜਦਕਿ 5 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮ੍ਰਿਤਕ ਦੀ ਪਹਿਚਾਣ ਕੁਲਵਿੰਦਰ ਸਿੰਘ ਵਾਸੀ ਪਿੰਡ ਆਲੀਕੇ, ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਜ਼ਖਮੀਆਂ ਦੀ ਪਹਿਚਾਣ ਡਰਾਈਵਰ ਗੁਰਲਾਲ ਸਿੰਘ, ਪੁਸ਼ਪਿੰਦਰ ਸਿੰਘ, ਬਲਕਾਰ ਸਿੰਘ, ਬਲਕਾਰ ਸਿੰਘ ਤੇ ਜਸਵਿੰਦਰ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਲੋਕ ਖੇਤਾਂ ਵਿੱਚ ਪਾਈਪਾਂ ਪਾਉਣ ਦਾ ਕੰਮ ਕਰਦੇ ਹਨ, ਜੋ ਕਿ ਬਠਿੰਡਾ ਤੋਂ ਰੋਪੜ ਵੱਲ ਨੂੰ ਜਾ ਰਹੇ ਸਨ ਤੇ ਦੇਰ ਰਾਤ ਕਰੀਬ 10 ਵਜੇ ਸਰਹਿੰਦ ਨਹਿਰ ਦੇ ਪਵਾਤ ਪੁਲ ਨਜ਼ਦੀਕ ਇਨ੍ਹਾਂ ਦੀ ਸਕਾਰਪਿਓ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਨਹਿਰ ਵਿੱਚ ਜਾ ਡਿੱਗੀ।

ਇਸ ਦੌਰਾਨ 1 ਵਿਅਕਤੀ ਦੀ ਡੁੱਬਣ ਕਾਰਨ ਮੌਤ ਹੋ ਗਈ ਤੇ ਬਾਕੀ ਵਿਅਕਤੀਆਂ ਨੂੰ ਆਸਪਾਸ ਦੇ ਲੋਕਾਂ ਨੇ ਬੜੀ ਮੁਸ਼ੱਕਤ ਬਾਅਦ ਸ਼ੀਸ਼ੇ ਤੋੜ ਕੇ ਗੱਡੀ ਵਿੱਚੋਂ ਬਾਹਰ ਕੱਢਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਖ਼ਮੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ, ਜਿੱਥੇ ਕਿ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ।












