Thursday, October 29, 2026
Home Hoshiarpur ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਨੇ ਕੁਦਰਤੀ ਖੇਤੀ ਸਬੰਧੀ ਸਿਖਲਾਈ ਕੋਰਸ ਲਗਾਇਆ

ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਨੇ ਕੁਦਰਤੀ ਖੇਤੀ ਸਬੰਧੀ ਸਿਖਲਾਈ ਕੋਰਸ ਲਗਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਤਹਿਤ ਪੀ.ਏ.ਯੂ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹਸ਼ਿਆਰਪੁਰ ਦੇ ਸਹਿਯੋਗ ਨਾਲ ਬੀਤੇ ਦਿਨੀਂ ਪੰਜ ਦਿਨਾ ਕੁਦਰਤੀ ਖੇਤੀ ਸਿਖਲਾਈ ਕੋਰਸ ਲਗਾਇਆ ਗਿਆ। ਸਿਖਿਆਰਥੀਆਂ ਦਾ ਸਵਾਗਤ ਕਰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਮਨਿੰਦਰ ਸਿੰਘ ਬੌਂਸ ਨੇ ਕੇ.ਵੀ.ਕੇ ਵੱਲੋਂ ਕਿਸਾਨ ਭਲਾਈ ਬਾਬਤ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਨੂੰ ਉਨ੍ਹਾਂ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਕੁਦਰਤੀ ਖੇਤੀ ਦੀ ਮਹੱਤਤਾ ਅਤੇ ਦਾਇਰੇ ਬਾਰੇ ਚਾਨਣਾ ਪਾਇਆ ਅਤੇ ਸਿਖਿਆਰਥੀਆਂ ਨੂੰ ਬਿਹਤਰ ਮਨੁੱਖੀ, ਮਿੱਟੀ ਅਤੇ ਵਾਤਾਵਰਨ ਦੀ ਸਿਹਤ ਲਈ ਕੁਦਰਤੀ ਖੇਤੀ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ।

Advertisements

ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਇਸ ਮਿਸ਼ਨ ਦੇ ਨੋਡਲ ਅਫ਼ਸਰ ਸੁਖਪਾਲਵੀਰ ਸਿੰਘ ਨੇ ਵੀ ਸਿਖਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਤਹਿਤ ਜ਼ਿਲ੍ਹੇ ਵਿੱਚ ਸਿਖਲਾਈਆਂ ਤੇ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ ਅਤੇ ਇਸ ਸਬੰਧੀ ਜ਼ਿਲ੍ਹੇ ਵਿੱਚ ਮਾਡਲ ਇਕਾਈਆਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ।

ਇਸ ਸਿਖਲਾਈ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਵੱਲੋਂ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਗਈ। ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਡਾ. ਪ੍ਰਭਜੋਤ ਕੌਰ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਜੈਵਿਕ ਪਦਾਰਥਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਨੇ ਮਲਚਿੰਗ ਅਤੇ ਮਿੱਟੀ ਵਿੱਚ ਨਮੀ ਸੰਭਾਲ ਦੀਆਂ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੱਤੀ। ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਡਾ. ਕਰਮਵੀਰ ਸਿੰਘ ਗਰਚਾ ਨੇ ਕੁਦਰਤੀ ਖੇਤੀ ਦੇ ਸਿਧਾਂਤਾਂ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਫਲਾਂ ਅਤੇ ਸਬਜ਼ੀਆਂ ਦੀ ਖੇਤੀ ਵਿੱਚ ਕਿਵੇਂ ਅਪਣਾਇਆ ਜਾ ਸਕਦਾ ਹੈ, ਇਸ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਕੁਦਰਤੀ ਖੇਤੀ ਉਪਜ ਦੇ ਵਧੀਆ ਮੰਡੀਕਰਣੂ ਲਈ ਪ੍ਰੋਸੈਸਿੰਗ ਰਾਹੀਂ ਮੁੱਲ ਵਾਧੇ ਵਿੱਚ ਇਜਾਫੇ ਬਾਰੇ ਵੀ ਦੱਸਿਆ। ਇਸ ਸਿਖਲਾਈ ਮੌਕੇ ਕੁਦਰਤੀ ਖੇਤੀ ਵਿੱਚ ਵਰਤੋਂ ਲਈ ਪਦਾਰਥਾਂ ਬਾਰੇ ਵਿਧੀ ਪ੍ਰਦਰਸ਼ਨੀ ਵੀ ਕੀਤੀ ਗਈ। ਸਿਖਿਆਰਥੀਆਂ ਦੇ ਗਿਆਨ ਵਾਧੇ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਜੈਵਿਕ ਤੇ ਕੁਦਰਤੀ ਖੇਤੀ ਸਕੂਲ ਵੀ ਲੈ ਜਾਇਆ ਗਿਆ, ਜਿੱਥੇ ਨਿਰਦੇਸ਼ਕ ਡਾ. ਸੋਹਣ ਸਿੰਘ ਵਾਲੀਆ ਅਤੇ ਉਨ੍ਹਾਂ ਦੇ ਮਾਹਿਰਾਂ ਦੀ ਟੀਮ ਵੱਲੋਂ ਕੁਦਰਤੀ ਖੇਤੀ ਬਾਰੇ ਨਵੀਨਤਮ ਜਾਣਕਾਰੀ ਦਿੱਤੀ ਗਈ ਅਤੇ ਫ਼ਸਲ ਪ੍ਰਦਰਸ਼ਨੀਆਂ ਦਾ ਦੌਰਾ ਵੀ ਕਰਵਾਇਆ ਗਿਆ।

ਸਿਖਲਾਈ ਦੇ ਆਖ਼ਰੀ ਦਿਨ ਇਨਾਮ ਜੇਤੂ ਅਤੇ ਅਗਾਂਹਵਧੂ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਨਰਿੰਦਰ ਸਿੰਘ ਦੇ ਪਿੰਡ ਅੱਜੋਵਾਲ ਵਿਖੇ ਫਾਰਮ ਦਾ ਦੌਰਾ ਕਰਵਾਇਆ ਗਿਆ, ਜਿਥੇ ਉਨ੍ਹਾਂ ਨੇ ਕੁਦਰਤੀ ਖੇਤੀ ਬਾਬਤ ਅਤੇ ਕੁਦਰਤੀ ਖੇਤੀ ਉਪਜ ਦੇ ਮੰਡੀਕਰਨ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ।

LEAVE A REPLY

Please enter your comment!
Please enter your name here